ਸੰਗਰੂਰ ਹਾਦਸੇ ’ਚ 8 ਮਨਰੇਗਾ ਮਜ਼ਦੂਰਾਂ ਦੀ ਮੌਤ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ

Thursday, Oct 22, 2026 - 03:32 PM (IST)

ਸੰਗਰੂਰ ਹਾਦਸੇ ’ਚ 8 ਮਨਰੇਗਾ ਮਜ਼ਦੂਰਾਂ ਦੀ ਮੌਤ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ

ਚੰਡੀਗੜ੍ਹ (ਮਨਪ੍ਰੀਤ)- ਸੰਗਰੂਰ ’ਚ ਤੇਜ਼ ਰਫ਼ਤਾਰ ਕਾਰ ਦੀ ਲਪੇਟ ’ਚ ਆਉਣ ਕਾਰਨ 8 ਮਨਰੇਗਾ ਮਜ਼ਦੂਰਾਂ ਦੀ ਮੌਤ ਦੇ ਮਾਮਲੇ ’ਚ ਪੰਜਾਬ ਰਾਜ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਸੂਓ-ਮੋਟੋ ਕਾਰਵਾਈ ਕਰਦਿਆਂ ਕਮਿਸ਼ਨ ਦੇ ਮੈਂਬਰ ਜਸਟਿਸ ਗੁਰਬੀਰ ਸਿੰਘ ਤੇ ਜਤਿੰਦਰ ਸਿੰਘ ਸ਼ੰਟੀ ਦੇ ਬੈਂਚ ਨੇ ਐੱਸ.ਐੱਸ.ਪੀ. ਸੰਗਰੂਰ ਤੋਂ ਸਟੇਟਸ ਰਿਪੋਰਟ ਤਲਬ ਕੀਤੀ। ਸ਼ਿਕਾਇਤ ’ਤੇ ਸੁਣਵਾਈ ਕਰਦਿਆਂ ਕਮਿਸ਼ਨ ਨੇ ਐੱਸ.ਐੱਸ.ਪੀ. ਨੂੰ ਅਗਲੀ ਸੁਣਵਾਈ ਤੋਂ ਇਕ ਹਫ਼ਤਾ ਪਹਿਲਾਂ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਡੀ.ਸੀ. ਸੰਗਰੂਰ ਤੋਂ ਵੀ ਪੁੱਛਿਆ ਗਿਆ ਹੈ ਕਿ ਸੜਕ ’ਤੇ ਮਨਰੇਗਾ ਮਜ਼ਦੂਰਾਂ ਨੂੰ ਕੰਮ ’ਤੇ ਲਗਾਉਣ ਸਮੇਂ ਉਨ੍ਹਾਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ ਜਾਂ ਨਹੀਂ। 

ਦੱਸਣਯੋਗ ਹੈ ਕਿ ਅਲੀਸ਼ੇਰ ਪਿੰਡ ਦੇ ਮਨਰੇਗਾ ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਲਪੇਟ ’ਚ ਲੈ ਲਿਆ ਸੀ। ਹਾਦਸੇ ’ਚ 8 ਮਜ਼ਦੂਰਾਂ ਦੀ ਮੌਤ ਹੋ ਗਈ ਸੀ ਜਦਕਿ 12 ਹੋਰ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀਆਂ ਦਾ ਸੰਗਰੂਰ ਦੇ ਸਿਵਲ ਹਸਪਤਾਲ ਤੋਂ ਇਲਾਵਾ ਪਟਿਆਲਾ ਤੇ ਲਹਿਰਾਗਾਗਾ ਦੇ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮਾਮਲੇ ’ਚ ਮੁਲਜ਼ਮ ਡਰਾਈਵਰ ਪਰਗਟ ਸਿੰਘ ਵਾਸੀ ਪਿੰਡ ਰੈਧਰਾਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਸੀ ਕਿ ਹਾਦਸੇ ਤੋਂ ਬਾਅਦ ਐਂਬੂਲੈਂਸ ਦੀ ਉਡੀਕ ਕਾਰਨ ਜ਼ਖ਼ਮੀਆਂ ਨੂੰ ਸਮੇਂ ਸਿਰ ਸਹਾਇਤਾ ਨਹੀਂ ਮਿਲ ਸਕੀ। ਕਮਿਸ਼ਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਬੰਧਤ ਅਧਿਕਾਰੀਆਂ ਤੋਂ ਜਵਾਬ ਮੰਗਿਆ ਹੈ। ਕੇਸ ਦੀ ਸੁਣਵਾਈ 20 ਨਵੰਬਰ ਨੂੰ ਹੋਵੇਗੀ।


author

Anmol Tagra

Content Editor

Related News