ਅੱਧੀ ਰਾਤ ਨੂੰ ਬਿਜਲੀ ਮੀਟਰਾਂ ਵਾਲੇ ਬਕਸੇ ਨੂੰ ਲੱਗੀ ਅੱਗ, ਕਈ ਘਰਾਂ ਦੀ ਬੱਤੀ ਗੁੱਲ

Sunday, Oct 25, 2026 - 07:57 PM (IST)

ਅੱਧੀ ਰਾਤ ਨੂੰ ਬਿਜਲੀ ਮੀਟਰਾਂ ਵਾਲੇ ਬਕਸੇ ਨੂੰ ਲੱਗੀ ਅੱਗ, ਕਈ ਘਰਾਂ ਦੀ ਬੱਤੀ ਗੁੱਲ

ਭਵਾਨੀਗੜ੍ਹ (ਵਿਕਾਸ ਮਿੱਤਲ)- ਬੀਤੀ ਰਾਤ ਪਿੰਡ ਬਲਿਆਲ ਵਿਖੇ ਬਾਜ਼ੀਗਰ ਬਸਤੀ ਵਿਚ ਘਰੇਲੂ ਬਿਜਲੀ ਸਪਲਾਈ ਦੇ ਮੀਟਰਾਂ ਵਾਲੇ ਬਕਸੇ ਨੂੰ ਅਚਾਨਕ ਅੱਗ ਲੱਗ ਗਈ। ਲੋਕਾਂ ਮੁਤਾਬਕ ਮੁੱਢਲੇ ਤੌਰ ’ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅੱਗ ਕਾਰਨ ਬਕਸੇ ਵਿਚ ਲੱਗੇ ਕਈ ਬਿਜਲੀ ਮੀਟਰ ਸੜ ਗਏ, ਜਦਕਿ ਕੁਝ ਘਰਾਂ ਦੇ ਬਿਜਲੀ ਉਪਕਰਨ ਵੀ ਨੁਕਸਾਨੇ ਜਾਣ ਦੀ ਖ਼ਬਰ ਹੈ।

ਜਾਣਕਾਰੀ ਦਿੰਦਿਆਂ ਪੰਚਾਇਤ ਮੈਂਬਰ ਆਸ਼ੂ ਰਾਣੀ ਦੇ ਪਤੀ ਰਾਜੂ ਰਾਮ ਨੇ ਦੱਸਿਆ ਕਿ ਰਾਤ ਕਰੀਬ ਸਾਢੇ 12 ਵਜੇ ਬਾਜ਼ੀਗਰ ਬਸਤੀ ਵਿਚ ਲੱਗੇ ਬਿਜਲੀ ਵਿਭਾਗ ਦੇ ਮੀਟਰਾਂ ਵਾਲੇ ਬਕਸੇ ਵਿਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਘਟਨਾ ਦਾ ਪਤਾ ਲੱਗਣ ’ਤੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਦੇਖਿਆ ਕਿ ਮੀਟਰਾਂ ਵਾਲਾ ਬਕਸਾ ਧੂੰ-ਧੂੰ ਕਰਕੇ ਸੜ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਕਾਫੀ ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਇਸ ਦੌਰਾਨ ਕਈ ਘਰਾਂ ਦੇ ਕੂਲਰ, ਪੱਖੇ, ਫਰਿੱਜ ਸਮੇਤ ਹੋਰ ਬਿਜਲੀ ਉਪਕਰਨ ਖਰਾਬ ਹੋਣ ਦੀ ਜਾਣਕਾਰੀ ਮਿਲੀ ਹੈ।

ਲੋਕਾਂ ਵੱਲੋਂ ਘਟਨਾ ਸਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਲੋਕਾਂ ਨੇ ਦੱਸਿਆ ਕੀ ਐਤਵਾਰ ਨੂੰ ਵਿਭਾਗ ਦੇ ਮੁਲਾਜ਼ਮਾਂ ਨੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਸ਼ਾਮ ਤੱਕ ਕਈ ਘਰਾਂ ਦੀ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਸੀ। ਉਧਰ,ਸਬ-ਡਵੀਜ਼ਨ ਪਾਵਰਕੌਮ ਭਵਾਨੀਗੜ੍ਹ ਦੇ ਐੱਸ.ਡੀ.ਓ. ਇੰਜੀਨੀਅਰ ਨਵਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਬਿਜਲੀ ਮੀਟਰਾਂ ਵਾਲੇ ਪਿੱਲਰ ਬਾਕਸ ਨੂੰ ਅੱਗ ਲੱਗਣ ਕਾਰਨ ਡੇਢ ਦਰਜਨ ਦੇ ਕਰੀਬ ਘਰੇਲੂ ਬਿਜਲੀ ਮੀਟਰ ਖਰਾਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਨਾ ਵਿਭਾਗ ਦੀ ਪਹਿਲ ਹੈ ਤੇ ਇਸ ਲਈ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ।


author

shivani attri

Content Editor

Related News