ਕਰੰਟ ਲੱਗਣ ਕਾਰਨ 15 ਸਾਲਾ ਮੁੰਡੇ ਦੀ ਮੌਤ, ਪੁੱਤ ਨੂੰ ਬਚਾਉਂਦਿਆਂ ਮਾਂ ਵੀ ਝੁਲਸੀ
Tuesday, Oct 20, 2026 - 04:10 PM (IST)
ਲਹਿਰਾਗਾਗਾ (ਗਰਗ)- ਦੁਸ਼ਹਿਰੇ ਵਾਲੇ ਦਿਨ ਸਥਾਨਕ ਵਾਰਡ ਨੰਬਰ 14 ਵਿਚ ਬਿਜਲੀ ਦਾ ਕਰੰਟ ਲੱਗਣ ਕਾਰਨ 15 ਸਾਲਾ ਲੜਕੇ ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਵੀ ਕਰੰਟ ਲੱਗਣ ਕਾਰਨ ਜ਼ਖ਼ਮੀ ਹੋ ਗਈ। ਜ਼ਖ਼ਮੀ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਲਹਿਰਾਗਾਗਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਅੰਡਰਬ੍ਰਿਜ ਨੇੜੇ ਸਥਿਤ ਬਸਤੀ ਵਿਚ ਰਹਿਣ ਵਾਲਾ ਗੋਬਿੰਦ (15) ਪੁੱਤਰ ਸੋਨੂੰ ਰਾਮ ਆਪਣੇ ਘਰ ਦੀ ਛੱਤ ’ਤੇ ਕਿਸੇ ਕੰਮ ਵਿਚ ਰੁੱਝਿਆ ਹੋਇਆ ਸੀ। ਇਸ ਦੌਰਾਨ ਘਰ ਦੇ ਲਾਗਿਓਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਉਸ ਨੂੰ ਕਰੰਟ ਲੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਆਪਣੇ ਪੁੱਤਰ ਨੂੰ ਬਚਾਉਣ ਲਈ ਅੱਗੇ ਆਈ ਉਸ ਦੀ ਮਾਂ ਪਾਲੋ ਨੂੰ ਵੀ ਕਰੰਟ ਦਾ ਝਟਕਾ ਲੱਗਿਆ, ਜਿਸ ਕਾਰਨ ਉਹ ਝੁਲਸੀ ਗਈ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ। ਪੁਲਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਇਸ ਦੁਖਦਾਈ ਘਟਨਾ ਦਾ ਪਤਾ ਲੱਗਣ ’ਤੇ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਡਾਕਟਰ ਬਲਵਿੰਦਰ ਕੌਰ, ਅਕਾਲੀ ਦਲ ਬਾਦਲ ਦੇ ਯੂਥ ਆਗੂ ਆਸ਼ੂ ਜਿੰਦਲ ਤੋਂ ਇਲਾਵਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰੀ ਚਹਿਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਿਤ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
