ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ ਸੰਗਰੂਰ, ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਕਰ ਰਹੇ ਮੁਲਾਕਾਤ
Tuesday, Oct 20, 2026 - 02:34 PM (IST)
ਸੰਗਰੂਰ (ਵੈੱਬ ਡੈਸਕ): ਕੇਂਦਰੀ ਗ੍ਰਹਿ ਮੰਤਰੀ ਅੱਜ ਪੰਜਾਬ ਦੌਰੇ 'ਤੇ ਹਨ। ਇਸ ਦੌਰਾਨ ਉਹ ਨਸ਼ਿਆਂ ਕਾਰਨ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰ ਰਹੇ ਹਨ। ਇਸੇ ਲੜੀ ਤਹਿਤ ਉਹ ਸੰਗਰੂਰ ਦੇ ਪਿੰਡ ਤੂਰ ਬੰਜਾਰਾ ਪਹੁੰਚੇ, ਜਿੱਥੇ ਉਨ੍ਹਾਂ ਪਿਛਲੇ ਮਹੀਨੇ ਖ਼ੁਦਕੁਸ਼ੀ ਕਰਨ ਵਾਲੇ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਹਨ।
ਗ੍ਰਹਿ ਮੰਤਰੀ ਹੈਲੀਕਾਪਟਰ ਰਾਹੀਂ ਗੁਰਦਾਸਪੁਰ ਤੋਂ ਦਿੜ੍ਹਬਾ ਮੰਡੀ ਦੀ ਦਾਣਾ ਮੰਡੀ ਪਹੁੰਚੇ ਤੇ ਇੱਥੋਂ ਗੱਡੀਆਂ ਰਾਹੀਂ ਪਿੰਡ ਤੂਰ ਬੰਜਾਰਾ ਪਹੁੰਚੇ। ਇੱਥੇ ਉਨ੍ਹਾਂ ਨੇ ਗੁਲਜ਼ਾਰ ਸਿੰਘ ਦੇ ਭਰਾ, ਪਤਨੀ ਤੇ ਦੋਹਾਂ ਪੁੱਤਰਾਂ ਨਾਲ ਮੁਲਾਕਾਤ ਕੀਤੀ। ਇੱਥੇ ਦੱਸ ਦਈਏ ਕਿ ਗੁਲਜ਼ਾਰ ਸਿੰਘ ਦੇ ਪਰਿਵਾਰ ਵੱਲੋਂ ਕੁਝ ਦਿਨ ਪਹਿਲਾਂ ਅਮਿਤ ਸ਼ਾਹ ਦੇ ਜਲੰਧਰ ਦੌਰੇ ਦੌਰਾਨ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਤੇ ਇਕ ਮੰਗ ਪੱਤਰ ਵੀ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਗੁਲਜ਼ਾਰ ਸਿੰਘ ਨੇ ਪਿਛਲੇ ਮਹੀਨੇ ਖ਼ੁਦਕੁਸ਼ੀ ਕਰ ਲਈ ਸੀ ਤੇ ਇਸ ਤੋਂ ਪਹਿਲਾਂ ਵੀਡੀਓ ਬਣਾ ਕੇ ਕੁਝ ਲੋਕਾਂ 'ਤੇ ਇਹ ਦੋਸ਼ ਲਗਾਏ ਸਨ ਕਿ ਉਨ੍ਹਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਬੋਲਣ ਕਾਰਨ ਬਹੁਤ ਤੰਗ ਪ੍ਰੇਸ਼ਾਨ ਕੀਤਾ ਗਿਆ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਪਰਿਵਾਰ ਵੱਲੋਂ ਇਕ ਮਹੀਨੇ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਗੁਲਜ਼ਾਰ ਸਿੰਘ ਦੇ ਫੁੱਲ (ਅਸਥੀਆਂ) ਘਰ ਵਿਚ ਹੀ ਸਾਂਭੇ ਹੋਏ ਹਨ ਤੇ ਹਜੇ ਤਕ ਉਸ ਦੀ ਅੰਤਿਮ ਅਰਦਾਸ ਵੀ ਨਹੀਂ ਕੀਤੀ ਗਈ। ਇਸ ਮਗਰੋਂ ਗ੍ਰਹਿ ਮੰਤਰੀ ਮਾਨਸਾ ਜਾਣਗੇ ਤੇ ਉੱਥੇ ਨਸ਼ਿਆਂ ਖ਼ਿਲਾਫ਼ ਲੜਾਈ ਲੜਦਿਆਂ ਜਾਣ ਗੁਆਉਣ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰਨਗੇ।
