ਪੰਜਾਬ "ਚ ਦੁਖਦ ਘਟਨਾ, ਧੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਪਿਓ ਦੀ ਮੌਤ
Monday, Oct 19, 2026 - 06:05 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ) : ਬੀਤੀ ਰਾਤ ਇੱਥੇ ਪਟਿਆਲਾ ਰੋਡ ’ਤੇ ਚੰਡੀਗੜ੍ਹ-ਬਠਿੰਡਾ ਕੌਮੀ ਮਾਰਗ ਉੱਪਰ ਧਰਮ ਕੰਡੇ ਨੇੜੇ ਪੈਦਲ ਸੜਕ ਪਾਰ ਕਰ ਰਹੇ ਇਕ ਵਿਅਕਤੀ ਨੂੰ ਅਣਪਛਾਤੀ ਤੇਜ਼ ਰਫ਼ਤਾਰ ਕਾਰ ਨੇ ਲਪੇਟ ਵਿਚ ਲੈ ਲਿਆ। ਹਾਦਸੇ 'ਚ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਤ ਪ੍ਰਕਾਸ਼ (45) ਹਾਲ ਵਾਸੀ ਅਜੀਤ ਨਗਰ ਭਵਾਨੀਗੜ੍ਹ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਅਲੀਗੜ੍ਹ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਸੀ ਤੇ ਉਹ ਸ਼ਹਿਰ ਦੇ ਨਵੇਂ ਬੱਸ ਅੱਡੇ ਵਿਖੇ ਖਾਣ-ਪੀਣ ਦਾ ਸਮਾਨ ਵੇਚਣ ਲਈ ਰੇਹੜੀ ਲਗਾਉਂਦਾ ਸੀ। ਮ੍ਰਿਤਕ ਸਤ ਪ੍ਰਕਾਸ਼ ਦੀ ਧੀ ਦਾ ਵਿਆਹ ਅਗਲੇ ਮਹੀਨੇ ਹੋਣਾ ਸੀ ਪਰ ਧੀ ਦੀ ਡੋਲੀ ਤੋਰਨ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਗ੍ਰਿਫ਼ਤਾਰ ਕਾਂਸਟੇਬਲ ਕਰਨਬੀਰ ਸਿੰਘ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਤ ਪ੍ਰਕਾਸ਼ ਐਤਵਾਰ ਦੇਰ ਰਾਤ ਨਵੇਂ ਬੱਸ ਅੱਡੇ ਤੋਂ ਅੱਗੇ ਧਰਮ ਕੰਡੇ ਨੇੜੇ ਪੈਦਲ ਸੜਕ ਪਾਰ ਕਰ ਰਿਹਾ ਸੀ। ਇਸ ਦੌਰਾਨ ਪਟਿਆਲਾ ਵੱਲੋਂ ਆਈ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਕਾਰ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਐੱਸ.ਐੱਸ.ਐੱਫ. ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਸਤ ਪ੍ਰਕਾਸ਼ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਭਵਾਨੀਗੜ੍ਹ ਦੇ ਏ.ਐੱਸ.ਆਈ. ਜ਼ੈਬਰਾ ਨੰਦ ਨੇ ਦੱਸਿਆ ਕਿ ਪੁਲਸ ਨੇ ਹਾਦਸੇ ਤੋਂ ਬਾਅਦ ਫ਼ਰਾਰ ਹੋਏ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਗੁਆਂਢੀ ਨੇ ਦੱਸਿਆ ਕਿ ਸਤ ਪ੍ਰਕਾਸ਼ ਦੋ ਧੀਆਂ ਤੇ ਇਕ ਪੁੱਤ ਦਾ ਪਿਤਾ ਸੀ ਤੇ ਉਸ ਦੀ ਵੱਡੀ ਧੀ ਦਾ ਵਿਆਹ ਅਗਲੇ ਮਹੀਨੇ ਹੋਣਾ ਸੀ। ਸਤ ਪ੍ਰਕਾਸ਼ ਦੀ ਅਚਾਨਕ ਮੌਤ ਨਾਲ ਪਰਿਵਾਰ ਦੀਆਂ ਖੁਸ਼ੀਆਂ ਗਮ ਵਿਚ ਬਦਲ ਗਈਆਂ ਤੇ ਵਿਆਹ ਦੀਆਂ ਤਿਆਰੀਆਂ ਵਿਚਕਾਰ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਇਹ ਵੀ ਪੜ੍ਹੋ : ਅਧਿਆਪਕਾਂ ਵੱਲੋਂ 21 ਅਕਤੂਬਰ ਨੂੰ ਪੰਜਾਬ 'ਚ ਛੁੱਟੀ ਕਰਨ ਦਾ ਐਲਾਨ, ਜਾਣੋ ਕਿਉਂ ਲਿਆ ਗਿਆ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
