ਨਗਰ ਕੌਂਸਲ ''ਚ ''ਮਨਮਾਨੀਆਂ'' ਖ਼ਿਲਾਫ਼ ਕੌਂਸਲਰਾਂ ਨੇ ਖੋਲ੍ਹਿਆ ਮੋਰਚਾ, ਚੁੱਕੇ ਗੰਭੀਰ ਸਵਾਲ

Thursday, Oct 22, 2026 - 01:02 PM (IST)

ਨਗਰ ਕੌਂਸਲ ''ਚ ''ਮਨਮਾਨੀਆਂ'' ਖ਼ਿਲਾਫ਼ ਕੌਂਸਲਰਾਂ ਨੇ ਖੋਲ੍ਹਿਆ ਮੋਰਚਾ, ਚੁੱਕੇ ਗੰਭੀਰ ਸਵਾਲ

ਤਪਾ ਮੰਡੀ (ਸ਼ਾਮ ਗਰਗ): ਨਗਰ ਕੌਂਸਲ ਵਿਚ ਕਥਿਤ ਮਨਮਾਨੀਆਂ ਅਤੇ ਸ਼ਹਿਰ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਲੈ ਕੇ ਕੌਂਸਲਰਾਂ ਵਿਚ ਰੋਸ ਵਧਦਾ ਜਾ ਰਿਹਾ ਹੈ। ਸਮੂਹ ਕੌਂਸਲਰਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਰਜਸਾਧਕ ਅਫ਼ਸਰ (ਈ.ਓ.) ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਨਗਰ ਕੌਂਸਲ ਵਿੱਚ ਕੌਂਸਲਰਾਂ ਦੀ ਸਲਾਹ ਲੈਣ ਦੀ ਬਜਾਏ ਇਕਪਾਸੜ ਫ਼ੈਸਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਦੀ ਕਾਰਜਪ੍ਰਣਾਲੀ ਤੋਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦਾ ਰਿਮੋਟ ਕਿਸੇ ਹੋਰ ਦੇ ਹੱਥ ਵਿਚ ਹੈ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।

ਕੌਂਸਲਰ ਸਰਸਵਤੀ ਦੇਵੀ ਦੇ ਪੁੱਤਰ ਸੰਜੂ ਗੁਪਤਾ ਨੇ ਦੋਸ਼ ਲਾਇਆ ਕਿ ਸ਼ਹਿਰ ਵਿੱਚ ਸਫ਼ਾਈ ਪ੍ਰਬੰਧ,ਸੀਵਰੇਜ ਅਤੇ ਸਟਰੀਟ ਲਾਈਟਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਕਈ ਥਾਵਾਂ ’ਤੇ ਨਾਲੀਆਂ ਦਾ ਗੰਦਾ ਪਾਣੀ ਬਾਹਰ ਆ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਗੰਦਗੀ ਅਤੇ ਬਦਬੂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਪੀਣ ਵਾਲੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਲਈ ਵੀ ਪ੍ਰੇਸ਼ਾਨ ਹਨ, ਪਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ।

ਉਨ੍ਹਾਂ ਨਗਰ ਕੌਂਸਲ ਦੇ ਕੰਮਕਾਜ ਵਿੱਚ ਕਥਿਤ ਬੇਨਿਯਮੀਆਂ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਕੌਂਸਲ ਦੇ ਪ੍ਰਬੰਧਾਂ ਵਿੱਚ ਪਾਰਦਰਸ਼ਤਾ ਦੀ ਘਾਟ ਹੈ। ਉਨ੍ਹਾਂ ਨਗਰ ਕੌਂਸਲ ਵਿੱਚ ਕਰੋੜਾਂ ਰੁਪਏ ਦੇ ਕਥਿਤ ਘਪਲਿਆਂ ਦੇ ਦੋਸ਼ ਵੀ ਲਾਏ ਅਤੇ ਮੰਗ ਕੀਤੀ ਕਿ ਪਿਛਲੇ ਸਮੇਂ ਦੌਰਾਨ ਹੋਏ ਕੰਮਾਂ, ਖ਼ਰਚਿਆਂ ਅਤੇ ਠੇਕਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ। 

ਕੌਂਸਲਰ ਜੋਨੀ ਰਾਮ,ਰਣਜੀਤ ਸਿੰਘ ਲਾਡੀ,ਹੈਪੀ ਸਿੰਘ,ਬਲਦੇਵ ਰਾਮ,ਗੁਰਮੀਤ ਸਿੰਘ ਰੋੜ,ਧਰਮ ਪਾਲ ਸ਼ਰਮਾ ਆਦਿ ਸਮੂਹ ਕੌਂਸਲਰ ਪਹਿਲਾਂ ਵੀ ਇਕੱਠੇ ਹੋ ਕੇ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਅਤੇ ਐੱਸ.ਡੀ.ਐੱਮ. ਨੂੰ ਮੰਗ ਪੱਤਰ ਦੇ ਚੁੱਕੇ ਹਨ। ਇਸ ਮੰਗ ਪੱਤਰ ਰਾਹੀਂ ਈ.ਓ. ਦੀ ਬਦਲੀ ਕਰਨ ਦੀ ਮੰਗ ਕੀਤੀ ਗਈ ਸੀ, ਪਰ ਕੌਂਸਲਰਾਂ ਅਨੁਸਾਰ ਹੁਣ ਤੱਕ ਇਸ ਮੰਗ ’ਤੇ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਇਸ ਕਾਰਨ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਵਿੱਚ ਕੋਈ ਸੁਧਾਰ ਨਹੀਂ ਆਇਆ ਅਤੇ ਕੌਂਸਲਰਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।

ਇਸ ਤੋਂ ਇਲਾਵਾ ਬੱਸ ਅੱਡੇ ’ਤੇ ਪਰਚੀ ਵਸੂਲੀ ਦੇ ਠੇਕੇ ਦਾ ਮਾਮਲਾ ਵੀ ਕੌਂਸਲਰਾਂ ਨੇ ਉਠਾਇਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਠੇਕਾ ਦੇਣ ਸਮੇਂ ਕੌਂਸਲਰਾਂ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਅਤੇ ਕਥਿਤ ਤੌਰ ’ਤੇ ਆਪਣੇ ਨਜ਼ਦੀਕੀਆਂ ਨੂੰ ਲਾਭ ਪਹੁੰਚਾਉਣ ਲਈ ਫ਼ੈਸਲਾ ਲਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਠੇਕੇ ਦੀ ਪ੍ਰਕਿਰਿਆ ਦੀ ਜਾਂਚ ਕਰਵਾ ਕੇ ਸਾਰੀ ਸਥਿਤੀ ਜਨਤਕ ਕੀਤੀ ਜਾਵੇ।

ਕੌਂਸਲਰਾਂ ਨੇ ਕਿਹਾ ਕਿ ਨਗਰ ਕੌਂਸਲ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਅਤੇ ਸ਼ਹਿਰ ਦੇ ਵਿਕਾਸ ਲਈ ਬਣੀ ਹੈ, ਨਾ ਕਿ ਕੁਝ ਵਿਅਕਤੀਆਂ ਦੀ ਮਨਮਰਜ਼ੀ ਨਾਲ ਚਲਾਉਣ ਲਈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਗਰ ਕੌਂਸਲ ਦੇ ਕੰਮਕਾਜ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਕਥਿਤ ਬੇਨਿਯਮੀਆਂ ਦੀ ਪੜਤਾਲ ਹੋਵੇ ਅਤੇ ਸ਼ਹਿਰ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਇਸ ਮਾਮਲੇ ਨੂੰ ਹੋਰ ਉੱਚ ਅਧਿਕਾਰੀਆਂ ਕੋਲ ਉਠਾਉਣ ਲਈ ਮਜਬੂਰ ਹੋਣਗੇ। 

ਕਾਰਜਸਾਧਕ ਅਫਸਰ ਤਪਾ ਨੇ ਕਿਹਾ ਕਿ ਸਾਰਾ ਰਿਕਾਰਡ ਦਫਤਰ ਵਿੱਚ ਹੀ ਪਿਆ ਹੈ ਅਤੇ ਜੋ ਵੀ ਉਨ੍ਹਾਂ ‘ਤੇ ਭ੍ਰਿਸਟਾਚਾਰ ਜਾਂ ਮਨਮਾਨੀਆਂ ਦੇ ਦੋਸ਼ ਲਗਾਏ ਹਨ ਉਹ ਝੂਠੇ ਅਤੇ ਬੇਬੁਨਿਆਦ ਹੈ ਅਤੇ ਇਸੇ ਤਰ੍ਹਾਂ ਪ੍ਰਧਾਨ ਨੇ ਵੀ ਅਪਣੇ ‘ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਸਾਰੇ ਕੌਸਲਰਾਂ ਨੂੰ ਨਾਲ ਲੈਕੇ ਚੱਲਦੇ ਹਨ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ ਜਾ ਰਿਹਾ। 

ਇਸ ਮੌਕੇ ਵਾਰਡ ਨੰਬਰ ਤਿੰਨ ਦੇ ਕੌਸਲਰ ਵਿਨੋਦ ਕੁਮਾਰ ਕਾਲਾ,ਵਾਰਡ ਨੰਬਰ ਇੱਕ ਦੇ ਕੌਸਲਰ ਮਾਇਆ ਦੇਵੀ ਦੇ ਪਤੀ,ਸੁਨੀਤਾ ਦੇਵੀ ਦੇ ਪਤੀ ਮੇਲਾ ਰਾਮ ਕਾਲੀਆ,ਕੌਸਲਰ ਰਿਸ਼ੂ ਰੰਗੀ ਦੇ ਪਤੀ ਅਰਵਿੰਦ ਰੰਗੀ,ਕੌਸਲਰ ਪਰਵੀਨ ਕੁਮਾਰੀ ਦੇ ਪਤੀ ਦੀਪਕ ਗੋਇਲ ਗੱਗ ਤੋਂ ਇਲਾਵਾ ਤਾਰੀ ਸਿੰਘ ਅਤੇ ਜਗਸੀਰ ਸਿੰਘ ਸੀਰਾ ਆਦਿ ਵੀ ਹਾਜਰ ਸਨ।
 


author

Anmol Tagra

Content Editor

Related News