ਜਾਣ ਵੇਲੇ ਦਿੱਤੇ 40 ਤੇ ਆਉਂਦੇ ਹੋਏ ਲੱਗੇ 45, ਸਵਾਰੀ ਸ਼ਸ਼ੋਪੰਜ ''ਚ

Thursday, May 30, 2019 - 12:19 PM (IST)

ਜਾਣ ਵੇਲੇ ਦਿੱਤੇ 40 ਤੇ ਆਉਂਦੇ ਹੋਏ ਲੱਗੇ 45, ਸਵਾਰੀ ਸ਼ਸ਼ੋਪੰਜ ''ਚ

ਭਵਾਨੀਗੜ੍ਹ (ਵਿਕਾਸ) : ਸੂਬੇ ਵਿਚ ਅਪਣੀ ਕਾਰਗੁਜ਼ਾਰੀ ਕਾਰਨ ਨਿੱਤ ਚਰਚਾਵਾਂ 'ਚ ਬਣੀ ਰਹਿੰਦੀ ਪੀ.ਆਰ.ਟੀ.ਸੀ. ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਹੁਣ ਮਾਮਲਾ ਯਾਤਰੀਆਂ ਤੋਂ ਇਕ ਹੀ ਰੂਟ 'ਤੇ ਆਉਣ-ਜਾਣ ਵੇਲੇ ਵੱਖੋ-ਵੱਖਰੇ ਕਿਰਾਏ ਵਸੂਲ ਕਰਨ ਦਾ ਸਾਹਮਣੇ ਆਇਆ ਹੈ, ਜਿਸ ਨਾਲ ਮੁਸਾਫਰਾਂ ਦੀ ਜੇਬ ਤਾਂ ਢਿੱਲੀ ਹੋ ਹੀ ਰਹੀ ਹੈ, ਉੱਥੇ ਹੀ ਕਿਰਾਏ ਨੂੰ ਲੈ ਕੇ ਵੀ ਬੱਸ ਯਾਤਰੀ ਸ਼ਸ਼ੋਪੰਜ 'ਚ ਫਸੇ ਹੋਏ ਹਨ।

PunjabKesari

ਇਸ ਸਬੰਧੀ ਸਥਾਨਕ ਸ਼ਹਿਰ ਦੇ ਇਕ ਵਪਾਰੀ ਵਿਪਨ ਕੁਮਾਰ ਮਲਹੌਤਰਾ ਨੇ ਬੱਸ ਦੀਆਂ ਟਿਕਟਾਂ ਦਿਖਾਉਂਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਦਿਨੀਂ ਕਿਸੇ ਕੰਮ ਦੇ ਸਿਲਸਿਲੇ 'ਚ ਭਵਾਨੀਗੜ੍ਹ ਤੋਂ ਪਟਿਆਲੇ ਗਏ ਸਨ ਤਾਂ ਜਾਂਦੇ ਹੋਏ ਪੰਜਾਬ ਰੋਡਵੇਜ਼ ਦੀ ਬਰਨਾਲਾ ਡਿਪੂ ਦੀ ਬੱਸ ਦੇ ਕੰਡਕਟਰ ਨੇ ਉਨ੍ਹਾਂ ਨੂੰ 40 ਰੁਪਏ ਦੀ ਟਿਕਟ ਕੱਟ ਕੇ ਦਿੱਤੀ, ਜਦੋਂਕਿ ਇਕ ਘੰਟੇ ਬਾਅਦ ਪਟਿਆਲਾ ਤੋਂ ਭਵਾਨੀਗੜ੍ਹ ਵਾਪਸ ਆਉਂਦੇ ਵਕਤ ਫਰੀਦਕੋਟ ਡਿਪੂ ਦੀ ਰੋਡਵੇਜ਼ ਦੀ ਬੱਸ ਦੇ ਕੰਡਕਟਰ ਨੇ ਉਨ੍ਹਾਂ ਤੋਂ ਭਵਾਨੀਗੜ੍ਹ ਤੱਕ ਦੀ ਟਿਕਟ ਬਦਲੇ 45 ਰੁਪਏ ਵਸੂਲ ਕਰ ਲਏ। ਉਨਾਂ ਕਿਰਾਏ ਦੀ ਵੱਧ ਟਿਕਟ ਕੱਟਣ ਬਾਰੇ ਕੰਡਕਟਰ ਤੋਂ ਪੁਛਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਬੱਸ ਯਾਤਰੀ ਵਿਪਨ ਕੁਮਾਰ ਨੇ ਦੋਸ਼ ਲਗਾਇਆ ਕਿ ਪੀ.ਆਰ.ਟੀ.ਸੀ. ਇਸ ਤਰ੍ਹਾਂ ਯਾਤਰੀਆਂ ਦੀ ਨਜਾਇਜ਼ ਲੁੱਟ ਕਰਨ 'ਤੇ ਉਤਾਰੂ ਹੈ। ਉਨਾਂ ਕਿਹਾ ਕਿ ਇਸ ਲੁੱਟ ਨੂੰ ਰੋਕਣ ਲਈ ਉਹ ਇਸ ਸਬੰਧੀ ਪੀ.ਆਰ.ਟੀ.ਸੀ. ਦੇ ਉੱਚ ਅਧਿਕਾਰੀਆਂ ਸਮੇਤ ਮਾਮਲਾ ਸੂਬੇ ਦੇ ਟਰਾਂਸਪੋਰਟ ਮੰਤਰੀ ਧਿਆਨ ਵਿਚ ਲਿਆਉਣਗੇ।

ਸੁਰਿੰਦਰ ਸਿੰਘ,ਜੀ.ਐਮ (ਆਪ੍ਰੇਸ਼ਨਲ ਬ੍ਰਾਂਚ) ਪੀ.ਆਰ.ਟੀ.ਸੀ. ਹੈੱਡ ਆਫਿਸ ਪਟਿਆਲਾ ਨੇ ਕਿਹਾ ਕਿ “ਮਾਮਲਾ ਤੁਸੀਂ ਮੇਰੇ ਧਿਆਨ ਵਿੱਚ ਲਿਆਂਦਾ ਹੈ। ਪੀ.ਆਰ.ਟੀ.ਸੀ. ਇਕ ਰੂਟ ਦਾ ਕਿਰਾਇਆ ਘੱਟ ਵੱਧ ਨਹੀਂ ਵਸੂਲ ਸਕਦੀ। ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਹੈ ਤਾਂ ਯਾਤਰੀ ਸਾਨੂੰ ਟਿਕਟਾਂ ਦੀ ਫੋਟੋ ਖਿੱਚ ਕੇ ਭੇਜ ਸਕਦਾ ਹੈ। ਦੋਵੇਂ ਡਿਪੂਆਂ ਦੇ ਮੁਲਾਜਮਾਂ ਤੋਂ ਪੁੱਛਗਿੱਛ ਕਰਕੇ ਦਰੁਸਤੀ ਕਰਵਾ ਦਿੱਤੀ ਜਾਵੇਗੀ।''


author

cherry

Content Editor

Related News