ਡਿਜੀਟਲ ਪੇਮੈਂਟ ਦਾ ਬਹਾਨਾ ਬਣਾ ਕੇ ਬਿਨਾਂ ਪੇਮੈਂਟ ਦਿੱਤੇ ਸਾਮਾਨ ਲੈ ਕੇ ਹੋਏ ਰਫੂਚੱਕਰ
Friday, Feb 20, 2026 - 06:21 PM (IST)
ਲੁਧਿਆਣਾ (ਰਾਜ): ਸ਼ਹਿਰ ਵਿਚ ਠੱਗਾਂ ਅਤੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਸ਼ਰੇਆਮ ਦੁਕਾਨਦਾਰਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਸੁਭਾਸ਼ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਸਥਿਤ 'H. H ਕਰਿਆਨਾ ਸਟੋਰ' 'ਤੇ ਦੋ ਸ਼ਾਤਰ ਨੌਜਵਾਨਾਂ ਨੇ ਬੜੀ ਹੀ ਚਾਲਾਕੀ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਪੂਰੀ ਘਟਨਾ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ, ਜਿਸ ਵਿਚ ਚੋਰਾਂ ਦੀ ਕਰਤੂਤ ਸਾਫ਼ ਨਜ਼ਰ ਆ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ, ਕੱਲ੍ਹ ਰਾਤ ਕਰੀਬ 9 ਵਜੇ ਇਕ ਐਕਟਿਵਾ 'ਤੇ ਸਵਾਰ ਹੋ ਕੇ ਦੋ ਨੌਜਵਾਨ ਹਰਮੀਤ ਸਿੰਘ ਦੀ ਕਰਿਆਨਾ ਦੁਕਾਨ 'ਤੇ ਪਹੁੰਚੇ। ਉਨ੍ਹਾਂ ਨੇ ਘਰ ਦਾ ਕਰੀਬ 3500 ਰੁਪਏ ਦਾ ਰਾਸ਼ਨ ਕਢਵਾਇਆ। ਜਦੋਂ ਸਾਰਾ ਸਾਮਾਨ ਪੈਕ ਹੋ ਗਿਆ, ਤਾਂ ਨੌਜਵਾਨਾਂ ਨੇ ਉਸ ਨੂੰ ਆਪਣੀ ਐਕਟਿਵਾ 'ਤੇ ਰੱਖ ਲਿਆ। ਦੁਕਾਨਦਾਰ ਹਰਮੀਤ ਸਿੰਘ ਨੇ ਜਦੋਂ ਪੈਸਿਆਂ ਦੀ ਮੰਗ ਕੀਤੀ, ਤਾਂ ਸ਼ਾਤਰਾਂ ਨੇ ਨਵਾਂ ਪੈਂਤੜਾ ਖੇਡਦੇ ਹੋਏ ਕਿਹਾ ਕਿ ਉਹ ਪੈਸੇ 'ਆਨਲਾਈਨ' ਟ੍ਰਾਂਸਫਰ ਕਰ ਰਹੇ ਹਨ। ਜਿਵੇਂ ਹੀ ਦੁਕਾਨਦਾਰ ਦਾ ਧਿਆਨ ਪੇਮੈਂਟ ਚੈੱਕ ਕਰਨ ਜਾਂ ਕਿਸੇ ਹੋਰ ਕੰਮ ਲਈ ਇੱਧਰ-ਉੱਧਰ ਹੋਇਆ, ਮੌਕਾ ਪਾ ਕੇ ਦੋਵੇਂ ਨੌਜਵਾਨ ਰਾਸ਼ਨ ਸਮੇਤ ਐਕਟਿਵਾ 'ਤੇ ਫ਼ਰਾਰ ਹੋ ਗਏ। ਦੁਕਾਨਦਾਰ ਕੁਝ ਸਮਝ ਪਾਉਂਦਾ, ਉਸ ਤੋਂ ਪਹਿਲਾਂ ਹੀ ਠੱਗ ਗਾਇਬ ਹੋ ਚੁੱਕੇ ਸਨ।
