ਫਗਵਾੜਾ ਦੀ ਕੱਪੜਾ ਦੁਕਾਨ ''ਚ ਹੰਗਾਮਾ, ਪੰਜਾਬੀ ਗਾਇਕ ਗੀਤਾ ਜ਼ੈਲਦਾਰ ''ਤੇ ਲੱਗੇ ਬਦਸਲੂਕੀ ਦੇ ਇਲਜ਼ਾਮ

Saturday, Feb 21, 2026 - 10:35 PM (IST)

ਫਗਵਾੜਾ ਦੀ ਕੱਪੜਾ ਦੁਕਾਨ ''ਚ ਹੰਗਾਮਾ, ਪੰਜਾਬੀ ਗਾਇਕ ਗੀਤਾ ਜ਼ੈਲਦਾਰ ''ਤੇ ਲੱਗੇ ਬਦਸਲੂਕੀ ਦੇ ਇਲਜ਼ਾਮ

ਫਗਵਾੜਾ : ਫਗਵਾੜਾ ਸ਼ਹਿਰ ਦੀ ਇੱਕ ਮਸ਼ਹੂਰ ਕੱਪੜਿਆਂ ਦੀ ਦੁਕਾਨ 'ਲਾਡੀ ਦੀ ਹੱਟੀ' ਵਿੱਚ ਸ਼ਨੀਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚੇ। ਦੋਸ਼ ਹੈ ਕਿ ਮਹਿਜ਼ 2000 ਰੁਪਏ ਦੇ ਕੱਪੜਿਆਂ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਦੁਕਾਨ ਵਿੱਚ ਤਣਾਅਪੂਰਨ ਸਥਿਤੀ ਬਣ ਗਈ।

ਦੁਕਾਨ ਦੇ ਮਾਲਕ ਨਿਸ਼ਾਂਤ ਨੇ ਦੱਸਿਆ ਕਿ ਗੀਤਾ ਜ਼ੈਲਦਾਰ ਨੇ ਕੁਝ ਸਮੇਂ ਪਹਿਲਾਂ ਉਨ੍ਹਾਂ ਦੀ ਦੁਕਾਨ ਤੋਂ ਇੱਕ ਕੁੜਤਾ-ਚਾਦਰਾ ਖਰੀਦਿਆ ਸੀ। ਕੱਪੜੇ ਵਿੱਚ ਕੋਈ ਨੁਕਸ ਹੋਣ ਕਾਰਨ ਉਹ ਉਸ ਨੂੰ ਵਾਪਸ ਕਰਨ ਲਈ ਦੁਕਾਨ 'ਤੇ ਆਏ ਸਨ। ਦੁਕਾਨਦਾਰ ਦਾ ਦੋਸ਼ ਹੈ ਕਿ ਵਾਪਸੀ ਨੂੰ ਲੈ ਕੇ ਸ਼ੁਰੂ ਹੋਈ ਗੱਲਬਾਤ ਤਕਰਾਰ ਵਿੱਚ ਬਦਲ ਗਈ।

ਦੁਕਾਨਦਾਰ ਨੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਗਾਇਕ ਦੇ ਨਾਲ ਆਏ 11 ਤੋਂ 12 ਲੋਕਾਂ ਨੇ ਕਥਿਤ ਤੌਰ 'ਤੇ ਬਦਸਲੂਕੀ ਕੀਤੀ। ਨਿਸ਼ਾਂਤ ਅਨੁਸਾਰ, ਗੀਤਾ ਜ਼ੈਲਦਾਰ ਨੇ ਉਸ ਨੂੰ ਥੱਪੜ ਮਾਰਨ ਦੀ ਧਮਕੀ ਦਿੱਤੀ ਅਤੇ ਹੱਥੋਪਾਈ ਵੀ ਕੀਤੀ ਗਈ। ਦੁਕਾਨਦਾਰ ਨੇ ਇਹ ਵੀ ਕਿਹਾ ਕਿ ਹੰਗਾਮੇ ਦੌਰਾਨ ਦੁਕਾਨ ਵਿੱਚ ਮਹਿਲਾ ਗਾਹਕ ਅਤੇ ਸਟਾਕ ਵੀ ਮੌਜੂਦ ਸੀ, ਪਰ ਗਾਇਕ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਦਾ ਕੋਈ ਲਿਹਾਜ਼ ਨਹੀਂ ਕੀਤਾ।

ਦੁਕਾਨਦਾਰ ਦਾ ਕਹਿਣਾ ਹੈ ਕਿ ਗਾਇਕ ਦੇ ਬਾਊਂਸਰਾਂ ਵੱਲੋਂ ਕੀਤੀ ਗਈ ਧੱਕਾ-ਮੁੱਕੀ ਕਾਰਨ ਦੁਕਾਨ ਵਿੱਚ ਅਫ਼ਰਾ-ਤਫ਼ਰੀ ਮਚ ਗਈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।


 


author

Inder Prajapati

Content Editor

Related News