ਗੁਰਦਾਸਪੁਰ 'ਚ ਸੰਘਣੀ ਧੁੰਦ ਨੇ ਫਿਰ ਕਰਵਾਇਆ ਠੰਡ ਦਾ ਅਹਿਸਾਸ, ਮਾਹਿਰਾਂ ਨੇ ਦਿੱਤੇ ਇਹ ਸੰਕੇਤ
Sunday, Feb 22, 2026 - 02:19 PM (IST)
ਗੁਰਦਾਸਪੁਰ (ਹਰਮਨ, ਵਿਨੋਦ)- ਫਰਵਰੀ ਦੇ ਲਗਭਗ ਤਿੰਨ ਹਫ਼ਤੇ ਬੀਤਣ ਨਾਲ ਜਿੱਥੇ ਆਮ ਤੌਰ ’ਤੇ ਮੌਸਮ ਵਿਚ ਗਰਮਾਹਟ ਆਉਣੀ ਸ਼ੁਰੂ ਹੋ ਜਾਂਦੀ ਹੈ, ਉੱਥੇ ਅੱਜ ਤੜਕੇ ਗੁਰਦਾਸਪੁਰ ਇਲਾਕੇ ਵਿਚ ਪਈ ਸੰਘਣੀ ਧੁੰਦ ਨੇ ਲੋਕਾਂ ਨੂੰ ਮੁੜ ਸਿਆਲ ਦੀ ਯਾਦ ਦਿਵਾ ਦਿੱਤੀ। ਸਵੇਰੇ ਦ੍ਰਿਸ਼ਟਤਾ ਘਟ ਕੇ ਕਈ ਥਾਵਾਂ ’ਤੇ 50 ਤੋਂ 100 ਮੀਟਰ ਤੱਕ ਰਹਿ ਗਈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਦਫ਼ਤਰੀ ਵਾਹਨਾਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਸਮੇਂ ਵਿਚ ਗੁਰਦਾਸਪੁਰ ਇਲਾਕੇ ਦਾ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਤਕਰੀਬਨ 24 ਤੋਂ 27 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਹੋ ਰਿਹਾ ਹੈ, ਜਦਕਿ ਘੱਟੋ-ਘੱਟ ਤਾਪਮਾਨ 10 ਤੋਂ 13 ਡਿਗਰੀ ਸੈਲਸੀਅਸ ਤੱਕ ਹੈ। ਜਨਵਰੀ ਮਹੀਨੇ ’ਚ ਇਹ ਵੱਧ ਤੋਂ ਵੱਧ ਤਾਪਮਾਨ ਆਮ ਤੌਰ ’ਤੇ 16 ਤੋਂ 20 ਡਿਗਰੀ ਦੇ ਵਿਚਕਾਰ ਰਹਿੰਦਾ ਸੀ। ਇਸ ਤਰ੍ਹਾਂ ਕਰੀਬ 5 ਤੋਂ 7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ: ਡਿਊਟੀ 'ਤੇ ਤਾਇਨਾਤ 2 ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ, ਚੈਕ ਪੋਸਟ ਦੇ ਅੰਦਰੋਂ ਮਿਲੀਆਂ ਲਾਸ਼ਾਂ
ਮੌਸਮ ਵਿਭਾਗ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਫਰਵਰੀ ਦੇ ਅਖੀਰ ਵਿਚ ਕਈ ਵਾਰ ਰਾਤ ਦੇ ਸਮੇਂ ਤਾਪਮਾਨ ਘਟਣ ਅਤੇ ਹਵਾ ਦੀ ਰਫ਼ਤਾਰ ਹੌਲੀ ਹੋਣ ਕਾਰਨ ਸਵੇਰੇ ਧੁੰਦ ਬਣ ਜਾਂਦੀ ਹੈ। ਇਸਨੂੰ “ਰੇਡੀਏਸ਼ਨ ਫੌਗ” ਕਿਹਾ ਜਾਂਦਾ ਹੈ। ਦਿਨ ਦੌਰਾਨ ਸੂਰਜ ਦੀ ਤੀਬਰਤਾ ਵਧਣ ਨਾਲ ਇਹ ਜਲਦੀ ਖਤਮ ਹੋ ਜਾਂਦੀ ਹੈ। ਹੁਣ ਇਸ ਇਲਾਕੇ ਅੰਦਰ ਦਿਨ ਦਾ ਤਾਪਮਾਨ ਵੱਧ ਰਿਹਾ ਹੈ ਅਤੇ ਗਰਮੀਆਂ ਦੀ ਸ਼ੁਰੂਆਤ ਦੇ ਸੰਕੇਤ ਮਿਲ ਰਹੇ ਹਨ ਪਰ ਸਵੇਰ ਦੀ ਧੁੰਦ ਵਰਗੀਆਂ ਘਟਨਾਵਾਂ ਇਹ ਵੀ ਸਾਬਤ ਕਰਦੀਆਂ ਹਨ ਕਿ ਮੌਸਮ ਅਜੇ ਪੂਰੀ ਤਰ੍ਹਾਂ ਸਥਿਰ ਨਹੀਂ ਹੋਇਆ। ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਵੱਧ ਸਕਦਾ ਹੈ ਅਤੇ ਧੁੰਦ ਦੀ ਸੰਭਾਵਨਾ ਘੱਟ ਰਹੇਗੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ
ਮੌਸਮ ਵਿਚ ਆਈ ਗਰਮਾਹਟ ਕਾਰਨ ਲੋਕਾਂ ਨੇ ਸਰਦੀਆਂ ਦੇ ਕੱਪੜਿਆਂ ਦੀ ਬਜਾਏ ਹੁਣ ਗਰਮੀਆਂ ਵਾਲੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਹਨ। ਖੇਤਾਂ ਅਤੇ ਬਨਸਪਤੀ ਵਿਚ ਵੀ ਪੁੰਗਾਰ ਨਜ਼ਰ ਆਉਣ ਲੱਗੀਆਂ ਹਨ, ਜੋ ਬਸੰਤ ਰੁੱਤ ਦੇ ਆਗਮਨ ਦਾ ਸੰਕੇਤ ਮੰਨਿਆ ਜਾਂਦਾ ਹੈ। ਅੱਜ ਸਵੇਰੇ ਧੁੰਦ ਦੇ ਨਾਲ ਹੀ ਹਵਾ ਦਾ ਗੁਣਵੱਤਾ ਸੂਚਕ ਅੰਕ 143 ਤੱਕ ਦਰਜ ਕੀਤਾ ਗਿਆ, ਜੋ “ਮੋਡਰੇਟ” ਸ਼੍ਰੇਣੀ ’ਚ ਆਉਂਦਾ ਹੈ। ਇਸ ਪੱਧਰ ’ਤੇ ਦਮਾ ਜਾਂ ਸਾਹ ਦੀ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਮਾਹਿਰਾਂ ਅਨੁਸਾਰ ਧੁੰਦ ਅਤੇ ਪ੍ਰਦੂਸ਼ਣ ਮਿਲ ਕੇ ਹਵਾ ਵਿਚ ਨਮੀ ਅਤੇ ਕਣਾਂ ਦੀ ਮਾਤਰਾ ਵਧਾ ਦਿੰਦੇ ਹਨ, ਜਿਸ ਨਾਲ ਵਿਚ ਅਚਾਨਕ ਵਾਧਾ ਹੋ ਜਾਂਦਾ ਹੈ। ਸਵੇਰੇ ਕਰੀਬ 9 ਵਜੇ ਬਾਅਦ ਜਿਵੇਂ ਹੀ ਸੂਰਜ ਚੜ੍ਹਿਆ, ਧੁੰਦ ਹੌਲੀ-ਹੌਲੀ ਛਟਣੀ ਸ਼ੁਰੂ ਹੋ ਗਈ ਅਤੇ ਦੁਪਹਿਰ ਤੱਕ ਮੌਸਮ ਸਾਫ਼ ਹੋ ਗਿਆ। ਦਿਨ ਚੜ੍ਹਦੇ ਹੀ ਤਾਪਮਾਨ ਵਿਚ ਤੇਜ਼ੀ ਨਾਲ ਵਾਧਾ ਹੋਇਆ ਅਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਇਸ ਦੇ ਨਾਲ ਹੀ ਦਿਨ ਸਾਫ ਹੁੰਦਿਆਂ ਹੀ ਹਵਾ ਦਾ ਗੁਣਵੱਤਾ ਸੂਚਕ ਅੰਕ ਵੀ ਸੁਧਰ ਕੇ 113 ਹੋ ਗਿਆ।
ਇਹ ਵੀ ਪੜ੍ਹੋ- ਅੱਜ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
