ਛੋਟੀ ਇਲਾਇਚੀ ਹੋਈ ਮਹਿੰਗੀ, ਮਸਾਲਾ ਬਾਜ਼ਾਰ ''ਚ ਮਚੀ ਤਰਥੱਲੀ

06/20/2019 2:30:35 PM

ਬਠਿੰਡਾ ਛਾਉਣੀ (ਵੈੱਬ ਡੈਸਕ) : ਮਸਾਲਿਆਂ ਦੀ ਰਾਣੀ ਛੋਟੀ ਇਲਾਇਚੀ ਦਾ ਥੋਕ ਭਾਅ 1500 ਤੋਂ ਵਧ ਕੇ 3500 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ। ਕੁੱਝ ਸਮਾਂ ਪਹਿਲਾਂ ਪ੍ਰਚੂਨ ਬਾਜ਼ਾਰ ਵਿਚ ਛੋਟੀ ਇਲਾਇਚੀ ਦਾ ਭਾਅ 1700 ਰੁਪਏ ਪ੍ਰਤੀ ਕਿੱਲੋ ਸੀ, ਜੋ ਹੁਣ ਵੱਧ ਕੇ 4000 ਰੁਪਏ ਹੋ ਗਿਆ ਹੈ। ਛੋਟੀ ਇਲਾਇਚੀ ਦੇ ਭਾਅ ਵਿਚ 135 ਫੀਸਦੀ ਦਾ ਵਾਧਾ ਹੋਣ ਨਾਲ ਮਸਾਲਾ ਬਾਜ਼ਾਰ ਵਿਚ ਤਰਥੱਲੀ ਮਚੀ ਹੋਈ ਹੈ। ਖਪਤਕਾਰਾਂ ਨੇ ਵੀ ਛੋਟੀ ਇਲਾਇਚੀ ਦੀ 'ਖੁਸ਼ਬੂ' ਤੋਂ ਦੂਰੀ ਬਣਾ ਲਈ ਹੈ। ਮਸਾਲਿਆਂ ਤੋਂ ਇਲਾਵਾ ਚਾਹ ਦਾ ਸੁਆਦ ਬਿਹਤਰ ਬਣਾਉਣ ਲਈ ਵੀ ਛੋਟੀ ਇਲਾਇਚੀ ਦੀ ਜ਼ਿਆਦਾਤਰ ਵਰਤੋਂ ਕੀਤੀ ਜਾਂਦੀ ਹੈ, ਪਰ ਹੁਣ 'ਆਮ' ਲੋਕ ਬਿਨਾਂ ਇਲਾਇਚੀ ਵਾਲੀ ਚਾਹ ਪੀ ਕੇ ਸਬਰ ਕਰਨ ਲੱਗੇ ਹਨ। ਢਾਬਿਆਂ ਅਤੇ ਹੋਟਲਾਂ 'ਤੇ ਗਾਹਕਾਂ ਨੂੰ ਛੋਟੀ ਇਲਾਇਚੀ ਦੀ ਥਾਂ ਸੌਂਫ ਅਤੇ ਮਿਸ਼ਰੀ ਦੇ ਕੇ ਹੀ ਬੁੱਤਾ ਸਾਰਿਆ ਜਾਂਦਾ ਹੈ।

ਜਾਣਕਾਰੀ ਮੁਤਾਬਕ ਛੋਟੀ ਇਲਾਇਚੀ ਸਮੇਤ ਜ਼ਿਆਦਾਤਰ ਮਸਾਲਿਆਂ ਦੀ ਪੈਦਾਵਾਰ ਦੱਖਣ ਭਾਰਤੀ ਰਾਜ ਕੇਰਲ ਵਿਚ ਹੁੰਦੀ ਹੈ। ਪਿਛਲੇ ਸਮੇਂ ਦੌਰਾਨ ਕੇਰਲ ਵਿਚ ਆਏ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਸੀ, ਜਿਸ ਨਾਲ ਮਸਾਲਿਆਂ ਦੀਆਂ ਫਸਲ ਦਾ ਵੀ ਨੁਕਸਾਨ ਹੋਇਆ ਸੀ। ਪੈਦਾਵਾਰ ਘਟਣ ਕਾਰਨ ਭਾਅ 'ਅਸਮਾਨੀ' ਚੜ੍ਹ ਗਏ। ਆਯੁਰਵੈਦ ਮੁਦਾਬਕ ਛੋਟੀ ਇਲਾਇਚੀ ਦੀ 'ਤਾਸੀਰ' ਠੰਢੀ ਹੁੰਦੀ ਹੈ ਅਤੇ ਇਸ ਦੀ ਵਰਤੋਂ ਮਸਾਲਿਆਂ ਤੋਂ ਇਲਾਵਾ ਬਹੁਤ ਸਾਰੀਆਂ ਆਯੁਰਵੈਦਿਕ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਵਿਆਹਾਂ ਮੌਕੇ ਭਾਰੀ ਭੋਜਨ ਖਾਧਾ ਹੋਵੇ ਤਾਂ ਦੋ ਛੋਟੀਆਂ ਇਲਾਇਚੀਆਂ ਚਬਾ ਲੈਣ ਨਾਲ ਖਾਣਾ ਜਲਦ ਹਜ਼ਮ ਹੁੰਦਾ ਹੈ ਪਰ ਹੁਣ ਤਾਂ ਛੋਟੀ ਇਲਾਇਚੀ ਦੇ ਭਾਅ ਨੇ ਚੰਗਿਆਂ-ਚੰਗਿਆਂ ਦਾ 'ਹਾਜ਼ਮਾ' ਖਰਾਬ ਕਰ ਦਿੱਤਾ ਹੈ।


cherry

Content Editor

Related News