LPG ਗੈਸ ਸਿਲੰਡਰਾਂ ਦੀ ਸਪਲਾਈ ਨੂੰ ਲੈ ਕੇ ਵੱਡਾ ਸੰਕਟ! ਪੰਜਾਬ ਦੇ 56 ਪਿੰਡਾਂ 'ਚ ਮਚੀ ਹਾਹਾਕਾਰ
Wednesday, Feb 11, 2026 - 11:15 AM (IST)
ਬਠਿੰਡਾ (ਮਨਜੀਤ) : ਇੱਥੇ ਸੰਗਤ ਇਲਾਕੇ ’ਚ ਪੈਂਦੇ 56 ਪਿੰਡਾਂ ਦੇ ਲੋਕਾਂ ਨੂੰ ਗੈਸ ਸਿਲੰਡਰ ਨਾ ਮਿਲਣ ਕਾਰਨ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੈਸ ਏਜੰਸੀ ਓ. ਟੀ. ਪੀ. ਤੋਂ ਬਿਨਾਂ ਸਿਲੰਡਰ ਨਾ ਦੇਣ ਦਾ ਕਹਿ ਕੇ ਆਪਣਾ ਪੱਲਾ ਝਾੜ ਰਹੀ ਹੈ ਪਰ ਇਸ ’ਚ ਆਮ ਉਪਭੋਗਤਾ ਪਿਸ ਰਿਹਾ ਹੈ। ਪ੍ਰਸਾਸ਼ਨ ਵੀ ਇਸੇ ਪਾਸੇ ਧਿਆਨ ਨਹੀਂ ਦੇ ਰਿਹਾ। ਇਕੱਤਰ ਜਾਣਕਾਰੀ ਅਨੁਸਾਰ ਜਿਸ ਸਮੇਂ ਸੰਗਤ ਇੰਡੇਨ ਗੈਸ ਏਜੰਸੀ ਦਾ ਮਾਲਕ ਇੰਜੀ. ਰੁਪਿੰਦਰਜੀਤ ਸਿੰਘ ਸਨ। ਉਸ ਸਮੇਂ ਖ਼ਪਤਕਾਰਾਂ ਨੂੰ ਗੈਸ ਸਿਲੰਡਰਾਂ ਦੀ ਸਹੀ ਸਪਲਾਈ ਹੋ ਰਹੀ ਸੀ, ਕਿਸੇ ਕਾਰਨ ਉਸ ਨੇ ਇਹ ਗੈਸ ਏਜੰਸੀ ਅੱਗੇ ਰਾਮਪੁਰਾ ਦੇ ਇਕ ਵਿਅਕਤੀ ਨੂੰ ਵੇਚ ਦਿੱਤੀ। ਉਸ ਨੇ ਵੀ ਥੋੜ੍ਹਾ ਸਮਾਂ ਏਜੰਸੀ ਕੋਲ ਰੱਖਣ ਕਾਰਨ ਅੱਗੇ ਕਿਸੇ ਪਟਿਆਲਾ ਦੇ ਵਿਅਕਤੀ ਨੂੰ ਵੇਚ ਦਿੱਤੀ। ਇਸ ਗੈਸ ਏਜੰਸੀ ਅਧੀਨ ਕਰੀਬ 56 ਪਿੰਡਾਂ ਤੋਂ ਇਲਾਵਾ ਸੰਗਤ ਮੰਡੀ ਵੀ ਆਉਂਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ! ਸਫ਼ਰ ਕਰਨ ਤੋਂ ਪਹਿਲਾਂ ਪੜ੍ਹੋ ਜ਼ਰੂਰੀ ਅਪਡੇਟ
ਇਸ ਖੇਤਰ ’ਚ ਇੰਡੇਨ ਗੈਸ ਏਜੰਸੀ ਤੋਂ ਇਲਾਵਾ ਦੂਸਰੀ ਕੋਈ ਹੋਰ ਏਜੰਸੀ ਵੀ ਨਹੀਂ ਹੈ, ਜਿਸ ਕਾਰਨ ਵੱਡੀ ਗਿਣਤੀ ’ਚ ਲੋਕਾਂ ਕੋਲ ਇਡੇਨ ਗੈਸ ਏਜੰਸੀ ਦੇ ਹੀ ਗੈਸ ਕੁਨੈਕਸ਼ਨ ਹਨ। ਏਜੰਸੀ ਦੇ ਜਿਹੜੇ ਦੋ ਮੋਬਾਇਲ ਨੰਬਰ ਸਨ, ਉਹ ਵੀ ਪਿਛਲੇ ਕਈ ਦਿਨ੍ਹਾਂ ਤੋਂ ਬੰਦ ਆ ਰਹੇ ਹਨ, ਜਿਸ ਕਾਰਨ ਖ਼ਪਤਕਾਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਗਤ ਗੈਸ ਏਜੰਸੀ ਤੋਂ ਗੈਸ ਸਿਲੰਡਰ ਨਾ ਮਿਲਣ ਕਾਰਨ ਬਾਹਰਲੀਆਂ ਗੈਸ ਏਜੰਸੀਆਂ ਨੂੰ ਗੈਸ ਸਪਲਾਈ ਕਰਨ ਲਈ ਕਿਹਾ ਗਿਆ ਹੈ ਪਰ ਜਦ ਬਾਹਰੀ ਗੈਸ ਏਜੰਸੀਆਂ ਦੇ ਕਰਿੰਦੇ ਗੈਸ ਸਪਲਾਈ ਇਲਾਕੇ ’ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਗੈਸ ਸਪਲਾਈ ਕਰਨ ਤੋਂ ਰੋਕਿਆ ਜਾ ਰਿਹਾ ਹੈ। ਖ਼ਪਤਕਾਰਾਂ ਦੇ ਦੱਸਣ ਅਨੁਸਾਰ ਪਿਛਲੇ ਕਈ ਦਿਨ੍ਹਾਂ ਤੋਂ ਉਨ੍ਹਾਂ ਨੂੰ ਗੈਸ ਸਿਲੰਡਰ ਨਾ ਮਿਲਣ ਕਾਰਨ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਏਜੰਸੀ ਦੇ ਮੋਬਾਇਲ ਨੰਬਰ ਵੀ ਬੰਦ ਆ ਰਹੇ ਹਨ। ਉਨ੍ਹਾਂ ਏਜੰਸੀ ਮਾਲਕਾਂ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਵੱਲੋਂ ਗੈਸ ਸਿਲੰਡਰਾਂ ਨੂੰ ਬਲੈਕ ’ਚ ਵੇਚਿਆ ਜਾ ਰਿਹਾ ਹੈ, ਜਿਸ ਕਾਰਨ ਲੋਕ ਗੈਸ ਲੈਣ ਤੋਂ ਵਾਂਝੇ ਹੋ ਗਏ ਹਨ।
ਇਹ ਵੀ ਪੜ੍ਹੋ : ਮੋਹਾਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਕੀਤੀ ਗਈ ਛੁੱਟੀ
ਕੀ ਕਹਿੰਦੇ ਹਨ ਗੈਸ ਏਜੰਸੀ ਦੇ ਮਾਲਕ ਹਰਸਰੂਪ ਚੌਧਰੀ
ਜਦ ਇਸ ਸਬੰਧੀ ਸੰਗਤ ਇੰਡੇਨ ਗੈਸ ਏਜੰਸੀ ਦੇ ਮਾਲਕ ਹਰਸਰੂਪ ਚੌਧਰੀ ਨਾਲ ਉਨ੍ਹਾਂ ਦੇ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਹਾਲੇ ਇਕ ਮਹੀਨਾ ਪਹਿਲਾਂ ਹੀ ਗੈਸ ਏਜੰਸੀ ਖ਼ਰੀਦੀ ਹੈ। ਸਰਕਾਰ ਨੇ ਬਿਨਾਂ ਓ. ਟੀ. ਪੀ. ਤੋਂ ਗੈਸ ਸਿਲੰਡਰ ਦੇਣਾ ਬੈਨ ਕਰ ਦਿੱਤਾ ਗਿਆ ਹੈ। ਕਈ ਅਜਿਹੇ ਵੀ ਖ਼ਪਤਕਾਰ ਹਨ ਕਿ ਕਾਪੀ ਉਨ੍ਹਾਂ ਦੇ ਨਾਂ ’ਤੇ ਹੈ ਅਤੇ ਮੋਬਾਇਲ ਕਿਸੇ ਹੋਰ ਵਿਅਕਤੀ ਦਾ ਦਿੱਤਾ ਹੁੰਦਾ ਹੈ। ਜਦੋਂ ਉਹ ਗੈਸ ਸਿਲੰਡਰ ਦੇਣ ਜਾਂਦੇ ਹਨ ਤਾਂ ਓ. ਟੀ. ਪੀ. ਉਨ੍ਹਾਂ ਨੂੰ ਨਹੀਂ ਮਿਲਦਾ, ਜਿਸ ਕਾਰਨ ਉਹ ਸਿਲੰਡਰ ਨਹੀਂ ਦਿੱਤਾ ਜਾਂ ਕਈ ਅਜਿਹੇ ਵੀ ਵਿਅਕਤੀ ਹਨ, ਜਿਹੜੇ ਕਾਪੀ ਨਾਲ ਰਜਿਸਟਰਡ ਮੋਬਾਇਲ ਕੰਮ ’ਤੇ ਜਾਂਦੇ ਸਮੇਂ ਆਪਣੇ ਨਾਲ ਲੈ ਜਾਂਦੇ ਹਨ, ਉਸ ਸਮੇਂ ਵੀ ਸਿਲੰਡਰ ਦੇਣ ’ਚ ਦਿੱਕਤ ਆਉਂਦੀ ਹੈ। ਪਿੰਡਾਂ ਦੇ ਲੋਕ ਜ਼ਿਆਦਾਤਰ ਅਨਪੜ੍ਹ ਹਨ, ਜਿਨ੍ਹਾਂ ਨੇ ਹਾਲੇ ਕੇ. ਵਾਈ. ਸੀ. ਵੀ ਨਹੀਂ ਕਰਵਾਈ, ਜਿਸ ਕਾਰਨ ਵੀ ਸਮੱਸਿਆ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਗੈਸ ਸਿਲੰਡਰ ਦੇਣ ’ਚ ਉਨ੍ਹਾਂ ਦਾ ਨੁਕਸਾਨ ਨਹੀਂ, ਸਗੋਂ ਫ਼ਾਇਦਾ ਹੈ, ਉਹ ਨਹੀਂ ਚਾਹੁੰਦੇ ਕਿਸੇ ਖ਼ਪਤਕਾਰ ਨੂੰ ਪਰੇਸ਼ਾਨੀ ਆਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
