ਪੰਜਾਬ ''ਚ ਮਹਿੰਗੀ ਹੋਵੇਗੀ ਸ਼ਰਾਬ! ਪਿਆਕੜਾਂ ਨੂੰ ਵੱਡਾ ਝਟਕਾ
Tuesday, Feb 24, 2026 - 10:45 AM (IST)
ਜਲੰਧਰ (ਧਵਨ)- ਸਾਲ 2026-27 ਲਈ ਸੂਬਾ ਸਰਕਾਰ ਨੇ ਨਵੀਂ ਆਬਕਾਰੀ ਨੀਤੀ ’ਤੇ ਆਪਣੀ ਮੋਹਰ ਲਾ ਦਿੱਤੀ ਹੈ, ਜਿਸ ਤਹਿਤ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕੇ ਨਿਲਾਮ ਨਹੀਂ ਹੋਣਗੇ, ਸਗੋਂ ਪੁਰਾਣੇ ਅਤੇ ਮੌਜੂਦਾ ਠੇਕੇਦਾਰ ਹੀ ਆਪਣੇ ਠੇਕਿਆਂ ਨੂੰ ਰੀਨਿਊ ਕਰਵਾ ਸਕਣਗੇ। ਇਸ ਦੇ ਲਈ ਠੇਕੇਦਾਰਾਂ ਨੂੰ ਪਿਛਲੇ ਸਾਲ ਦੀ ਤੁਲਨਾ ਵਿਚ 6.5 ਫੀਸਦੀ ਵਾਧੂ ਮਾਲੀਆ ਸਰਕਾਰ ਨੂੰ ਅਦਾ ਕਰਨਾ ਪਵੇਗਾ ਅਤੇ ਨਾਲ ਹੀ 0.6 ਫੀਸਦੀ ਰੀਨਿਊ ਫੀਸ ਭਰਨੀ ਪਵੇਗੀ। ਇਸ ਤਰ੍ਹਾਂ ਮੌਜੂਦਾ ਠੇਕੇਦਾਰਾਂ ਨੂੰ ਲੱਗਭਗ 7.1 ਫੀਸਦੀ ਵਾਧੂ ਮਾਲੀਆ ਸਰਕਾਰ ਨੂੰ ਭੁਗਤਾਨ ਕਰਨਾ ਪਵੇਗਾ।
ਠੇਕੇਦਾਰਾਂ ਦਾ ਕਹਿਣਾ ਹੈ ਕਿ ਠੇਕਿਆਂ ਨੂੰ ਰੀਨਿਊ ਕਰਵਾਉਣ ਲਈ ਉਨ੍ਹਾਂ ਵੱਲੋਂ ਕੁੱਲ 7.1 ਫੀਸਦੀ ਵਾਧੂ ਮਾਲੀਆ ਸਰਕਾਰ ਨੂੰ ਦਿੱਤਾ ਜਾਣਾ ਹੈ, ਜਿਸ ਨਾਲ ਸ਼ਰਾਬ ਦੀਆਂ ਕੀਮਤਾਂ ਵਿਚ 10 ਫੀਸਦੀ ਤੱਕ ਦਾ ਉਛਾਲ ਆ ਸਕਦਾ ਹੈ। ਇਸ ਨਾਲ ਸਰਕਾਰ ਨੂੰ 2026-27 ਵਿਚ 12,800 ਕਰੋੜ ਰੁਪਏ ਦਾ ਮਾਲੀਆ ਹਾਸਲ ਹੋਵੇਗਾ। ਪੰਜਾਬ ਕੈਬਨਿਟ ਨੇ ਇਸ ਆਬਕਾਰੀ ਨੀਤੀ ’ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਜੋ ਮੌਜੂਦਾ ਠੇਕੇਦਾਰ ਵਾਧੂ ਮਾਲੀਆ ਦੇ ਕੇ ਆਪਣੇ ਠੇਕੇ ਰੀਨਿਊ ਨਹੀਂ ਕਰਵਾਉਣਾ ਚਾਹੁਣਗੇ, ਸਿਰਫ ਉਨ੍ਹਾਂ ਠੇਕਿਆਂ ਨੂੰ ਹੀ ਸਰਕਾਰ ਵੱਲੋਂ ਟੈਂਡਰ ਲਗਾ ਕੇ ਨਿਲਾਮ ਕੀਤਾ ਜਾਵੇਗਾ।
2022-23 ਵਿਚ ਮਜ਼ਬੂਤ ਨੀਤੀਗਤ ਢਾਂਚਾ ਲਾਗੂ ਕੀਤੇ ਜਾਣ ਤੋਂ ਬਾਅਦ ਸੂਬੇ ਨੇ 8,428 ਕਰੋੜ ਰੁਪਏ ਦੇ ਮਾਲੀਏ ਨਾਲ ਵੱਡੀ ਛਾਲ ਮਾਰੀ ਸੀ। ਇਹ ਰਫਤਾਰ ਲਗਾਤਾਰ ਜਾਰੀ ਰਹੀ, ਜਿਸ ਨਾਲ 2024-25 ਵਿਚ ਮਾਲੀਆ 10,744 ਕਰੋੜ ਰੁਪਏ ਤੱਕ ਪਹੁੰਚ ਗਿਆ, ਜਦਕਿ 2025-26 ਲਈ 11,200 ਕਰੋੜ ਰੁਪਏ ਦੇ ਮੌਜੂਦਾ ਟੀਚੇ ਨੂੰ ਪ੍ਰਾਪਤ ਕੀਤਾ ਜਾ ਰਿਹਾ ਹੈ।
ਨਾਜਾਇਜ਼ ਸ਼ਰਾਬ ਵਿਰੁੱਧ ਪਿਛਲੇ ਸਾਲ ਸੂਬੇ ਵਿਚ 4,406 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਅਤੇ 4,324 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕਾਰਵਾਈਆਂ ਵਿਚ 26,218 ਛਾਪੇਮਾਰੀਆਂ ਅਤੇ 24,832 ਨਾਕਿਆਂ ਦੀ ਸਥਾਪਨਾ ਸ਼ਾਮਲ ਹੈ, ਜਿਨ੍ਹਾਂ ਦੌਰਾਨ 455 ਵਾਹਨ ਅਤੇ 1,76,552 ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ।
ਨਵੀਂ ਆਬਕਾਰੀ ਨੀਤੀ ’ਚ 40 ਡਿਗਰੀ ਵਾਲੀ ਦੇਸੀ ਸ਼ਰਾਬ ਦੀ ਨਵੀਂ ਵੰਨਗੀ ਸ਼ੁਰੂ
ਅੱਜ ਨਵੀਂ ਆਬਕਾਰੀ ਨੀਤੀ ਤਹਿਤ ਦੇਸੀ ਸ਼ਰਾਬ ਦੀ 40 ਡਿਗਰੀ ਸਮਰੱਥਾ ਵਾਲੀ ਨਵੀਂ ਵੰਨਗੀ ਬਾਜ਼ਾਰ ਵਿਚ ਉਤਾਰਨ ਦਾ ਐਲਾਨ ਕੀਤਾ ਗਿਆ ਹੈ। ਸ਼ਰਾਬ ਠੇਕੇਦਾਰਾਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਨਵੀਂ ਵੰਨਗੀ ਦਾ ਘੱਟੋ-ਘੱਟ ਅਤੇ ਵੱਧ ਤੋਂ ਵੱਧ ਮੁੱਲ ਤੈਅ ਕਰ ਦਿੱਤਾ ਗਿਆ ਹੈ, ਤਾਂ ਜੋ ਖਪਤਕਾਰਾਂ ਨੂੰ ਤੈਅ ਦਰਾਂ ’ਤੇ ਹੀ ਮਿਆਰੀ ਉਤਪਾਦ ਉਪਲਬਧ ਹੋ ਸਕੇ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਸੂਬੇ ਦੇ ਵੱਖ-ਵੱਖ ਹਿੱਸਿਆਂ, ਖਾਸ ਕਰਕੇ ਸਰਹੱਦੀ ਅਤੇ ‘ਬੇਟ’ ਖੇਤਰਾਂ ਵਿਚ ਨਾਜਾਇਜ਼ ਅਤੇ ਮਿਲਾਵਟੀ ਸ਼ਰਾਬ ਦੀ ਵਿਕਰੀ ਕਾਰਨ ਕਈ ਦੁੱਖਦਾਈ ਘਟਨਾਵਾਂ ਅਤੇ ਮੌਤਾਂ ਸਾਹਮਣੇ ਆਈਆਂ ਸਨ। ਇਨ੍ਹਾਂ ਘਟਨਾਵਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਇਹ ਕਦਮ ਚੁੱਕਿਆ ਗਿਆ ਹੈ। ਨਵੀਂ 40 ਡਿਗਰੀ ਦੇਸੀ ਸ਼ਰਾਬ ਦੇ ਆਉਣ ਨਾਲ ਨਾਜਾਇਜ਼ ਅਤੇ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ’ਤੇ ਰੋਕ ਲੱਗੇਗੀ। ਇਸ ਨਾਲ ਨਾ ਸਿਰਫ਼ ਖਪਤਕਾਰਾਂ ਦੇ ਹਿੱਤ ਸੁਰੱਖਿਅਤ ਹੋਣਗੇ, ਸਗੋਂ ਮਾਲੀਏ ਵਿਚ ਵੀ ਵਾਧਾ ਹੋਵੇਗਾ ਅਤੇ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਸਕੇਗੀ।
