ਭਾਰਤੀ ਫੌਜ ''ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਨੌਜਵਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ

07/11/2020 5:57:45 PM

ਬਠਿੰਡਾ (ਵਰਮਾ): ਭਾਰਤੀ ਫੌਜ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਮੌੜ ਹਲਕੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਕਰੀਬ 45 ਨੌਜਵਾਨਾਂ ਨਾਲ ਇਕ ਕਰੋੜ ਰੁਪਏ ਤੋਂ ਵੱਧ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਸ਼ਨੀਵਾਰ ਨੂੰ ਪ੍ਰੈੱਸ ਕਲੱਬ ਵਿਖੇ ਮੀਡੀਆ ਜ਼ਰੀਏ ਪੰਜਾਬ ਸਰਕਾਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਤੋ ਇਨਸਾਫ ਲੈਣ ਲਈ ਪਹੁੰਚੇ ਪੀੜਤ ਨੌਜਵਾਨਾਂ ਨੇ ਫੌਜ 'ਚ ਭਰਤੀ ਕਰਵਾਉਣ ਦੇ ਨਾਮ ਤੇ ਠੱਗੀ ਮਾਰਨ ਵਾਲੇ ਰਾਜਪਾਲ ਸਿੰਘ, ਨੇਕਪਾਲ ਕੌਰ ਅਤੇ ਸੁਖਪਾਲ ਕੌਰ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।

ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਕਤ ਰਾਜਪਾਲ ਸਿੰਘ ਆਪਣੀ ਪਤਨੀ ਨੇਕਪਾਲ ਕੌਰ 'ਤੇ ਸੁਖਪਾਲ ਕੌਰ ਨਾਲ ਮਿਲ ਕੇ ਮੌੜ ਹਲਕੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਫੌਜ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਪ੍ਰਤੀ ਨੌਜਵਾਨ ਤੋਂ 2 ਤੋਂ 2.5 ਲੱਖ ਰੁਪਏ ਵਸੂਲ ਕਰਕੇ ਨਕਲੀ ਜੁਆਈਨਿੰਗ ਪੱਤਰ ਸਮੇਤ ਫੌਜ 'ਚ ਨੌਕਰੀ ਕਰਨ ਸਮੇਂ ਲੋੜੀਦੇ ਜ਼ਰੂਰੀ ਕਾਗਜਾਤ ਉਨ੍ਹਾਂ ਨੂੰ ਦੇ ਦਿੰਦੇ ਹਨ।ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲ ਤੋਂ ਉਕਤ ਰਾਜਪਾਲ ਸਿੰਘ ਆਪਣੀ ਸਾਥੀ ਦੋਹਾਂ ਔਰਤਾਂ ਨਾਲ ਮਿਲਕੇ ਹੁਣ ਤੱਕ 45 ਨੌਜਵਾਨਾਂ ਕੋਲੋਂ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਹਾਸਲ ਕਰ ਚੁੱਕਿਆ ਹੈ।ਪੀੜਤਾ ਨੇ ਦੱਸਿਆ ਕਿ ਜਦ ਹੁਣ ਅਸੀਂ
ਉਸ ਪਾਸੋਂ ਆਪਣੀ ਰਕਮ ਦੀ ਮੰਗ ਕਰਦੇ ਹਾਂ ਤਾਂ ਉਹ ਸਾਨੂੰ ਧਮਕੀਆਂ ਦਿੰਦਾ ਹੈ।

ਬਿਹਾਰ ਸਥਿਤ ਫੌਜ ਦੇ ਟ੍ਰੇਨਿੰਗ ਸੈਂਟਰ ਵਿਖੇ ਵੀ ਲੈ ਗਿਆ ਦੋਸ਼ੀ ਨੌਜਵਾਨਾਂ ਨੂੰ:
ਪੀੜਤ ਨੌਜਵਾਨਾਂ 'ਚ ਸ਼ਾਮਲ ਸੁਖਪ੍ਰੀਤ ਸਿੰਘ ਅਤੇ ਸਾਬਕਾ ਸੂਬੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਕਤ ਰਾਜਪਾਲ ਸਿੰਘ ਉਨ੍ਹਾਂ 'ਚੋਂ ਕਈ ਮੁੰਡਿਆਂ ਨੂੰ ਬਿਹਾਰ ਦੇ ਦਾਨਾਪੁਰ ਵਿਖੇ ਸਥਿਤ ਟ੍ਰੇਨਿੰਗ ਸੈਂਟਰ ਵਿਖੇ ਲੈ ਗਿਆ ਪਰ ਉੱਥੇ ਜਾ ਕੇ ਉਕਤ ਦੋਸ਼ੀ ਨੇ ਕੁੱਝ ਫੌਜੀਆਂ ਨਾਲ ਮਿਲਾਇਆ ਸੀ, ਇਸ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਪਟਨਾ ਸਾਹਿਬ ਗੁਰਦੁਆਰਾ ਵਿਖੇ ਠਹਿਰਾਇਆ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਨੇ ਨਕਲੀ ਕਾਗਜ਼ਾਤ ਸਹਾਰੇ ਉਨ੍ਹਾਂ ਦਾ ਅਲੱਗ ਤੋਂ ਵੀ ਖਰਚ ਕਰਵਾਇਆ।

ਪੰਜਾਬ ਸਰਕਾਰ ਜੇਕਰ ਨੌਕਰੀ ਨਹੀਂ ਦੇ ਸਕਦੀ ਤਾਂ ਅਜਿਹੇ ਠੱਗਾਂ ਖਿਲਾਫ ਕਰੇ ਕਾਰਵਾਈ:
ਸਾਬਕਾ ਸੂਬੇਦਾਰ ਮਹਿੰਦਰ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਘਰ-ਘਰ ਨੌਕਰੀ ਨਹੀਂ ਦੇ ਸਕਦੀ ਤਾਂ ਅਜਿਹੇ ਠੱਗਾਂ ਖਿਲਾਫ ਸਖ਼ਤ ਕਾਰਵਾਈ ਕਰੇ ਜੋ ਨੌਕਰੀ ਦਆਉਣ ਦਾ ਝਾਂਸਾ ਦੇ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ।ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਉਕਤ ਨੋਜਵਾਨਾਂ ਨਾਲ ਠੱਗੀ ਮਾਰਨ ਵਾਲੇ ਰਾਜਪਾਲ ਸਿੰਘ ਅਤੇ ਨੇਕਪਾਲ ਕੌਰ ਤੋਂ ਇਲਾਵਾ ਸੁਖਪ੍ਰੀਤ ਕੋਰ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਨੌਜਵਾਨਾਂ ਦੇ ਪੈਸੇ ਵਾਪਸ ਦੁਆਏ ਜਾਣ।

ਫਿਰੋਜ਼ਪੁਰ ਭਰਤੀ 'ਤੇ ਮਿਲਿਆ ਸੀ ਠੱਗ ਰਾਜਪਾਲ:
ਪੀੜਤ ਨੌਜਵਾਨ ਸੁਖਪ੍ਰੀਤ ਸਿੰਘ ਨੇ ਦੱੱਸਿਆ ਕਿ ਕਰੀਬ 3 ਸਾਲ ਪਹਿਲਾਂ ਜਦ ਫਿਰੋਜ਼ਪੁਰ ਵਿਖੇ ਭਾਰਤੀ ਫੌਜ ਦੀ ਭਰਤੀ ਸੀ ਤਾਂ ਉਹ ਵੀ ਭਰਤੀ ਹੋਣ ਲਈ ਆਪਣੇ ਦੋਸਤਾਂ ਨਾਲ ਗਿਆ ਸੀ, ਜਿੱਥੇ ਉਨ੍ਹਾਂ ਦੀ ਮੁਲਾਕਾਤ ਉਕਤ ਠੱਗ ਰਾਜਪਾਲ ਸਿੰਘ ਨਾਲ ਹੋਈ।ਜਿਸ ਤੋਂ ਬਾਅਦ ਉਕਤ ਰਾਜਪਾਲ ਸਿੰਘ ਨੇ ਉਸ ਸਮੇਤ ਕਰੀਬ 45 ਨੌਜਵਾਨਾਂ ਪਾਸੋਂ 1 ਕਰੋੜ ਰੁਪਏ ਤੋਂ ਵੀ ਵੱਧ ਰਕਮ ਨੌਕਰੀ ਦੁਆਉਣ ਦਾ ਝਾਂਸਾ ਦੇ ਕਿ ਵਸੂਲ ਕਰਕੇ ਉਨ੍ਹਾਂ ਸਾਰਿਆਂ ਨਾਲ ਧੋਖਾਧੜੀ ਕੀਤੀ।

ਮਾਂ ਦੇ ਗਹਿਣੇ 'ਤੇ ਘਰ ਦਾ ਸਮਾਨ ਵੇਚ ਕੇ ਦਿੱਤੇ ਸਨ ਰਾਜਪਾਲ ਨੂੰ ਪੈਸੇ:
ਪੀੜਤ ਨੌਜਵਾਨ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ 'ਚ ਨੌਕਰੀ ਮਿਲਣ ਦੀ ਉਮੀਦ ਨੂੰ ਲੈ ਕਿ ਉਹ ਰਾਜਪਾਲ ਸਿੰਘ ਦੇ ਝਾਂਸੇ ਵਿਚ ਆ ਗਿਆ।ਉਸ ਨੇ ਦੱਸਿਆ ਰਾਜਪਾਲ ਸਿੰਘ ਨੇ ਉਸ ਪਾਸੋਂ 2 ਲੱਖ 50 ਹਜ਼ਾਰ ਰੁਪਏ ਲਏ ਹਨ।ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਨੇ 2 ਲੱਖ 50 ਹਜ਼ਾਰ ਰੁਪਏ ਆਪਣੀ ਮਾਂ ਦੇ ਗਹਿਣੇ ਅਤੇ ਘਰ ਦਾ ਜ਼ਰੂਰੀ 'ਤੇ ਕੀਮਤੀ ਸਮਾਨ ਵੇਚ ਕੇ ਇਕੱਠੇ ਕੀਤੇ ਸਨ।ਜੋ ਰਾਜਪਾਲ ਸਿੰਘ ਧੋਖੇ ਨਾਲ ਉਨ੍ਹਾਂ ਤੋਂ ਲੈ ਗਿਆ।ਇਸ ਪੂਰੇ ਮਾਮਲੇ ਸਬੰਧੀ ਜਦ ਐੱਸ.ਐੱਸ.ਪੀ.ਨਾਨਕ ਸਿੰਘ ਨਾਲ ਉਨ੍ਹਾਂ ਦੇ ਮੋਬਾਇਲ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਘੰਟੀ ਵੱਜਣ ਦੇ ਬਾਵਜੂਦ ਆਪਣਾ ਫੋਨ ਨਹੀ ਚੁੱਕਿਆ।


Shyna

Content Editor

Related News