ਪਿਛਲੇ ਪੰਜ ਸਾਲਾਂ 'ਚ ਸ਼੍ਰੋਮਣੀ ਕਮੇਟੀ ਦੇ ਫੰਡਾਂ 'ਚ ਕਰੋੜਾਂ ਰੁਪਏ ਦਾ ਹੋਇਆ ਰਿਕਾਰਡ ਵਾਧਾ: ਐਡਵੋਕੇਟ ਧਾਮੀ
Thursday, Feb 26, 2026 - 05:54 PM (IST)
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਇਕੱਤਰਤਾ ਤੋਂ ਬਾਅਦ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਅੰਤ੍ਰਿੰਗ ਕਮੇਟੀ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਇਕ ਵੱਡਾ ਫੈਸਲਾ ਲੈਂਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਸੇਵਾ-ਮੁਕਤ ਕਰ ਦਿੱਤਾ ਹੈ। ਇਹ ਫੈਸਲਾ ਉਨ੍ਹਾਂ ਵੱਲੋਂ 18 ਫਰਵਰੀ 2026 ਨੂੰ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਸੰਸਥਾ ਦੇ ਪ੍ਰਬੰਧਾਂ ਵਿਰੁੱਧ ਲਗਾਏ ਗਏ ਦੋਸ਼ਾਂ ਅਤੇ 72 ਘੰਟੇ ਦੇ ਨੋਟਿਸ ਦੇ ਬਾਵਜੂਦ ਕੋਈ ਸਬੂਤ ਪੇਸ਼ ਨਾ ਕਰਨ ਕਾਰਨ ਲਿਆ ਗਿਆ ਹੈ। ਕਮੇਟੀ ਅਨੁਸਾਰ, ਉਨ੍ਹਾਂ ਦੇ ਬਿਆਨਾਂ ਨੇ ਮੁੱਖ ਗ੍ਰੰਥੀ ਦੇ ਅਹੁਦੇ ਦੀ ਮਾਨ-ਮਰਿਆਦਾ ਨੂੰ ਠੇਸ ਪਹੁੰਚਾਈ ਹੈ ਅਤੇ ਉਹ ਆਪਣੀ ਡਿਊਟੀ ਵੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੇ ਸਨ।
ਪਿਛਲੇ ਪੰਜ ਸਾਲਾਂ ਦੇ ਵਿੱਤੀ ਵੇਰਵੇ ਕੀਤੇ ਸਾਂਝੇ
ਇਸ ਦੌਰਾਨ ਪ੍ਰਧਾਨ ਧਾਮੀ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ (2021-2026) ਦੇ ਵਿੱਤੀ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸੰਸਥਾ ਦੇ ਵੱਖ-ਵੱਖ ਫੰਡਾਂ (ਜਨਰਲ, ਟਰਸਟ, ਵਿੱਦਿਆ ਅਤੇ ਸਪੋਰਟਸ) ਵਿੱਚ 273 ਕਰੋੜ 60 ਲੱਖ ਰੁਪਏ ਦਾ ਵਾਧਾ ਹੋਇਆ ਹੈ, ਜਿਸ ਦੀਆਂ ਐਫ.ਡੀ.ਆਰਜ਼ (FDRs) ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਖਾਤਿਆਂ ਵਿੱਚ 375.11 ਕਰੋੜ ਰੁਪਏ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ 46.64 ਕਰੋੜ ਅਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿੱਚ 105 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਲਗਭਗ 111 ਕਰੋੜ ਰੁਪਏ ਦੀਆਂ ਨਵੀਆਂ ਜਾਇਦਾਦਾਂ ਖਰੀਦੀਆਂ ਹਨ, ਜਿਨ੍ਹਾਂ ਵਿੱਚ ਬਾਬਾ ਬਕਾਲਾ ਸਾਹਿਬ, ਪਠਾਨਕੋਟ (75 ਏਕੜ), ਬੀੜ ਬਾਬਾ ਬੁੱਢਾ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਨਾਲ ਲੱਗਦੀਆਂ ਜ਼ਮੀਨਾਂ ਸ਼ਾਮਲ ਹਨ।
ਇਸ ਦੌਰਾਨ ਪ੍ਰਧਾਨ ਧਾਮੀ ਨੇ ਕਿਹਾ ਕਿ ਕੋਵਿਡ ਦੇ ਔਖੇ ਸਮੇਂ ਦੇ ਬਾਵਜੂਦ ਸੰਸਥਾ ਨੇ 182 ਕਰੋੜ ਰੁਪਏ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਵਿੱਦਿਅਕ ਅਦਾਰਿਆਂ ਲਈ ਖਰਚ ਕੀਤੇ ਹਨ। ਕਾਲਜਾਂ ਦੇ ਸਟਾਫ ਨੂੰ ਸੱਤਵਾਂ ਪੇ-ਸਕੇਲ ਵੀ ਦਿੱਤਾ ਗਿਆ ਹੈ। ਪ੍ਰਬੰਧਕੀ ਸੁਧਾਰਾਂ ਲਈ ਪ੍ਰਧਾਨ ਨੇ ਦੱਸਿਆ ਕਿ ਮੀਟਿੰਗਾਂ ਵਿੱਚ ਪੈਂਟ ਸ਼ਰਟ ਪਾ ਕੇ ਆਉਣ ਵਾਲੇ ਮੁਲਾਜ਼ਮਾਂ ਨੂੰ 2100 ਰੁਪਏ ਜੁਰਮਾਨਾ ਲਗਾਇਆ ਗਿਆ ਹੈ, ਜੋ ਲੰਗਰ ਖਾਤੇ ਵਿੱਚ ਜਮ੍ਹਾਂ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਗਲਤ ਵੀਡੀਓ ਪਾਉਣ ਵਾਲੇ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ। ਪ੍ਰਧਾਨ ਧਾਮੀ ਨੇ ਅੱਗੇ ਦੱਸਿਆ ਕਿ ਜ਼ਮੀਨਾਂ ਦੀ ਖਰੀਦ-ਫਰੋਖਤ ਵਿੱਚ ਪਾਰਦਰਸ਼ਤਾ ਲਿਆਉਣ ਲਈ ਇੱਕ ਸਥਾਈ ਕਮੇਟੀ ਬਣਾਈ ਗਈ ਹੈ। ਅੰਤ ਵਿੱਚ, ਐਡਵੋਕੇਟ ਧਾਮੀ ਨੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਦੀ ਗੋਲਕ ਵਿੱਚ ਹੋਇਆ ਵਾਧਾ ਸੰਗਤ ਦੇ ਵਿਸ਼ਵਾਸ ਦਾ ਪ੍ਰਤੀਕ ਹੈ।
