ਡਿਊਟੀ ’ਤੇ ਆ ਰਹੇ ਬੀ. ਐੱਸ. ਐੱਫ. ਦੇ ਜਵਾਨ ਨੂੰ ਹਥਿਆਰਬੰਦ ਵਿਅਕਤੀਆਂ ਨੇ ਲੁੱਟਿਆ

07/18/2018 6:27:19 AM

ਝਬਾਲ,  (ਨਰਿੰਦਰ)-  ਝਬਾਲ ਨੇਡ਼ੇ ਕੁਝ ਮੂੰਹ ਬੰਨ੍ਹੀ ਆਲਟੋ ਕਾਰ ’ਤੇ ਆਏ ਹਥਿਆਰਬੰਦ ਵਿਅਕਤੀਆਂ ਨੇ ਕਿਰਾਏ ਦੇ ਆਟੋ ’ਚ ਡਿਊਟੀ ’ਤੇ ਜਾ ਰਹੇ ਸਮੇਤ ਪਰਿਵਾਰ ਇਕ ਬੀ. ਐੱਸ. ਐੱਫ. ਦੇ ਜਵਾਨ ਕੋਲੋਂ ਹਥਿਆਰਾਂ ਦੀ ਨੋਕ ’ਤੇ ਗਲੇ ਦੀ ਚੇਨੀ,  ਸੋਨਾ, ਨਕਦੀ ਅਤੇ ਮੋਬਾਇਲ ਖੋਹਣ ਉਪਰੰਤ ਛੋਟੇ ਬੱਚੇ ਨੂੰ ਅਗਵਾ ਕਰਨ ਦੀ  ਵੀ ਕੋਸ਼ਿਸ਼ ਕੀਤੀ, ਜੋ ਸਫਲ ਨਾ ਹੋ ਸਕੀ। ਅੱਡਾ ਝਬਾਲ ਵਿਖੇ ਪੁਲਸ ਥਾਣੇ ’ਚ ਦਰਖਾਸਤ ਦੇਣ ਉਪਰੰਤ ਬੀ. ਐੱਸ. ਐੱਫ. ਦੇ ਜਵਾਨ ਬੋਪੀ ਬਿਸਵਾਅ, ਜੋ ਅਮਰਕੋਟ ਵਿਖੇ ਡਿਊਟੀ ਕਰ ਰਿਹਾ ਹੈ, ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਪਿੰਡ ਤੋਂ ਛੁੱਟੀ ਕੱਟ ਕੇ ਵਾਪਸ ਅੰਮ੍ਰਿਤਸਰ ਵਿਖੇ ਰੇਲ ਰਾਹੀਂ ਪਹੁੰਚਿਆ ਤਾਂ ਰਾਤ ਹੋਣ ਕਰ ਕੇ ਉਸ ਨੇ ਸਟੇਸ਼ਨ ਤੋਂ ਇਕ ਆਟੋ ਕਿਰਾਏ ’ਤੇ ਕਰ ਲਿਆ ਅਤੇ ਅਮਰਕੋਟ ਲਈ ਬੱਚਿਆਂ ਅਤੇ ਪਤਨੀ ਨਾਲ ਚੱਲ ਪਏ।
ਜਵਾਨ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਨਿਕਲ ਕੇ ਉਕਤ ਕਿਰਾਏ ਦੇ ਆਟੋ ਵਾਲੇ ਨੇ ਕਿਸੇ ਵਿਅਕਤੀ ਨਾਲ ਪੰਜਾਬੀ ’ਚ ਗੱਲ ਕੀਤੀ ਅਤੇ ਉਸ ਤੋਂ ਬਾਅਦ ਮੇਰੇ ਕਹਿਣ ਦੇ ਬਾਵਜੂਦ ਵੀ ਉਹ ਹੌਲੀ-ਹੌਲੀ ਆਟੋ ਚਲਾ ਕੇ ਲਿਆਂਦਾ ਰਿਹਾ, ਜਦੋਂ ਅਸੀਂ ਪਿੰਡ ਮੰਨਣ ਨੇੜੇ ਪਹੁੰਚੇ ਤਾਂ ਪਿੱਛੋਂ ਇਕ ਆਲਟੋ ਕਾਰ ਬਿਨਾਂ ਨੰਬਰ ਆਈ, ਜਿਸ ਨੇ ਸਾਡਾ ਆਟੋ ਰੋਕ ਲਿਆ। ਕਾਰ ’ਚ 4-5 ਵਿਅਕਤੀ ਜਿਨ੍ਹਾਂ ਨੇ ਮੂੰਹ ਪੂਰੀ ਤਰ੍ਹਾਂ ਬੰਨ੍ਹੇ ਸਨ ਅਤੇ ਉਨ੍ਹਾਂ ਕੋਲ ਪਿਸਤੌਲ ਅਤੇ ਦਾਤਰ ਸੀ, ਨੇ ਸਾਡਾ ਬੈਗ, ਜਿਸ ’ਚ ਕੱਪਡ਼ੇ ਜ਼ਰੂਰੀ ਕਾਗਜ਼, ਨਕਦੀ ਅਤੇ ਸੋਨੇ ਦਾ ਸਾਮਾਨ ਸੀ, ਤੋਂ ਇਲਾਵਾ ਮੇਰੇ ਗਲ ’ਚ    ਪਾਈ ਸੋਨੇ ਦੀ ਚੇਨ ਅਤੇ 2 ਮੋਬਾਇਲ ਵੀ ਖੋਹ ਲਏ ਅਤੇ ਆਟੋ ਵਾਲੇ ਦਾ ਮੋਬਾਇਲ, ਜਿਸ ਤੋਂ ਕਾਲ ਕੀਤੀ ਸੀ, ਉਹ ਵੀ ਖੋਹ ਲਿਆ।   ਉਹ ਜਾਂਦੇ ਹੋਏ ਮੇਰੇ ਛੋਟੇ ਬੱਚੇ ਨੂੰ ਮੇਰੀ ਪਤਨੀ ਕੋਲੋਂ ਜ਼ਬਰਦਸਤੀ ਖੋਹਣ ਲੱਗੇ  ਪਰ ਉਸ ਵੱਲੋਂ ਬੱਚਾ ਨਾ ਛੱਡਣ ਕਰ ਕੇ ਅਤੇ ਰੌਲਾ ਪਾਉਣ ਕਾਰਨ ਉਹ ਫਰਾਰ ਹੋ ਗਏ, ਜਿਸ ਦੀ ਸੂਚਨਾ ਅਸੀਂ ਝਬਾਲ ਥਾਣੇ ’ਚ  ਦੇ ਦਿੱਤੀ ਹੈ ਅਤੇ ਪੁਲਸ ਨੇ ਸ਼ੱਕ ਦੇ ਅਾਧਾਰ ’ਤੇ ਆਟੋ ਵਾਲੇ ਨੂੰ ਥਾਣੇ ਬਿਠਾ ਲਿਆ ਹੈ।


Related News