ਡਿਊਟੀ ਦੌਰਾਨ ਮਾਛੀਵਾੜਾ ਦਾ ਰਾਜਵਿੰਦਰ ਸਿੰਘ ਸ਼ਹੀਦ
Saturday, Mar 07, 2026 - 01:36 PM (IST)
ਮਾਛੀਵਾੜਾ ਸਾਹਿਬ (ਟੱਕਰ) : ਇੱਥੋਂ ਨੇੜਲੇ ਪਿੰਡ ਸਲਾਣਾ ਬੇਟ ਦਾ ਨਿਵਾਸੀ ਅਤੇ ਫੌਜ ਵਿਚ ਬਟਾਲੀਅਨ ਹਵਲਦਾਰ ਮੈਨੇਜਰ (ਬੀ.ਐੱਚ.ਐੱਮ.) ਰਾਜਵਿੰਦਰ ਸਿੰਘ (39) ਡਿਊਟੀ ਦੌਰਾਨ ਵਾਪਰੇ ਸੜਕ ਹਾਦਸੇ ਵਿਚ ਸ਼ਹੀਦ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਇਸ ਸਮੇਂ 31 ਫੀਲਡ ਰੈਜੀਮੈਂਟ ਜੈਸਲਮੇਰ (ਰਾਜਸਥਾਨ) ਵਿਖੇ ਆਪਣੀ ਡਿਊਟੀ ਨਿਭਾਅ ਰਿਹਾ ਸੀ। ਕੱਲ੍ਹ 6 ਮਾਰਚ ਨੂੰ ਦੁਪਹਿਰ ਬਾਅਦ ਉਹ ਡਿਊਟੀ ਦੌਰਾਨ ਸੜਕ ਹਾਦਸੇ ਵਿਚ ਸ਼ਹੀਦ ਹੋ ਗਿਆ। ਫੌਜ ਦੇ ਉੱਚ ਅਧਿਕਾਰੀਆਂ ਵਲੋਂ ਅੱਜ ਸਵੇਰੇ ਉਸਦੇ ਘਰ ਪਿੰਡ ਸਲਾਣਾ ਬੇਟ ਵਿਖੇ ਜਦੋਂ ਦੁੱਖਦ ਸਮਾਚਾਰ ਭੇਜਿਆ ਤਾਂ ਪਰਿਵਾਰ ’ਤੇ ਦੁੱਖਾਂ ਦਾ ਕਹਿਰ ਟੁੱਟ ਪਿਆ।
ਸਵ. ਰਾਜਵਿੰਦਰ ਸਿੰਘ ਪਿਛਲੇ 19 ਸਾਲ ਤੋਂ ਫੌਜ ਵਿਚ ਸੇਵਾਵਾਂ ਨਿਭਾਅ ਰਿਹਾ ਸੀ ਅਤੇ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ ਵਿਚ ਉਸਦੇ 2 ਛੋਟੇ-ਛੋਟੇ ਲੜਕੇ, ਪਤਨੀ ਤੇ ਬਜ਼ੁਰਗ ਮਾਤਾ ਹੈ। ਸ਼ਹੀਦ ਰਾਜਵਿੰਦਰ ਸਿੰਘ ਦੀ ਮ੍ਰਿਤਕ ਦੇਹ ਭਲਕੇ 8 ਮਾਰਚ ਨੂੰ ਪਿੰਡ ਸਲਾਣਾ ਬੇਟ ਵਿਖੇ ਪੁੱਜੇਗੀ ਜਿੱਥੇ ਕਿ ਪੂਰੇ ਸਰਕਾਰੀ ਸਨਮਾਨਾਂ ਨਾਲ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਫੌਜੀ ਰਾਜਵਿੰਦਰ ਸਿੰਘ ਦੀ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।
