ਛੁੱਟੀ ਵਾਲੇ ਦਿਨ ਹਸਪਤਾਲਾਂ ’ਚ ਆਯੁਸ਼ਮਾਨ ਸਕੀਮ ਤਹਿਤ ਇਲਾਜ ਤੋਂ ਵਾਂਝੇ ਮਰੀਜ਼
Saturday, Oct 07, 2023 - 05:43 PM (IST)
ਪਟਿਆਲਾ : ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਵਧੀਆ ਇਲਾਜ ਦਿਵਾਉਣ ਲਈ ਸਰਕਾਰ ਵੱਲੋਂ ਆਯੁਸ਼ਮਾਨ ਭਾਰਤ ਨਾਂ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ ਪਰ ਦੁੱਖ ਦੀ ਗੱਲ ਹੈ ਕਿ ਮਰੀਜ਼ ਇਸ ਦਾ ਫਾਇਦਾ ਸਰਕਾਰੀ ਛੁੱਟੀ ਜਾਂ ਤਿਉਹਾਰ ਵਾਲੇ ਦਿਨ ਨਹੀਂ ਲੈ ਸਕਦੇ। ਇਸ ਦਾ ਕਾਰਨ ਇਹ ਹੈ ਕਿ ਛੁੱਟੀ ਵਾਲੇ ਦਿਨ ਇਸ ਯੋਜਨਾ ਤਹਿਤ ਇਲਾਜ ਕਰਨ ਵਾਲੇ ਡਾਕਟਰ ਵੀ ਛੁੱਟੀ 'ਤੇ ਹੁੰਦੇ ਹਨ। ਅਜਿਹੇ 'ਚ ਜੇਕਰ ਕਿਸੇ ਨੂੰ ਐਮਰਜੈਂਸੀ 'ਚ ਛੁੱਟੀ ਵਾਲੇ ਦਿਨ ਹਸਪਤਾਲ ਦਾਖਲ ਹੋਣਾ ਪਵੇ ਤਾਂ ਉਹ ਇਸ ਯੋਜਨਾ ਤਹਿਤ ਫ੍ਰੀ ਇਲਾਜ ਨਹੀਂ ਕਰਵਾ ਸਕਦਾ। ਇਸ ਦੌਰਾਨ ਹੋਣ ਵਾਲੇ ਖਰਚੇ ਦਾ ਭੁਗਤਾਨ ਉਸ ਨੂੰ ਖੁਦ ਕਰਨਾ ਪਵੇਗਾ। ਉੱਥੇ ਦਾਖਲ ਹੋ ਕੇ ਫਾਈਲ ਬਣਨ ਤੋਂ ਬਾਅਦ ਹੀ ਉਸ ਨੂੰ ਮੁਫ਼ਤ ਇਲਾਜ ਦੀ ਸਹੂਲਤ ਮਿਲਦੀ ਹੈ।
ਦੱਸ ਦੇਈਏ ਕਿ ਸੜਕ ਦੁਰਘਟਨਾ ਜਾਂ ਹੋਰ ਐਮਰਜੈਂਸੀ ਦੌਰਾਨ ਪਹਿਲੇ ਦਿਨ ਹੀ ਸਭ ਤੋਂ ਵੱਧ ਖਰਚਾ ਹੁੰਦਾ ਹੈ। ਮਰੀਜ਼ ਜਦੋਂ ਰਜਿਸਟਰਡ ਹੋ ਜਾਂਦਾ ਹੈ ਤਾਂ ਉਸ ਨੂੰ ਬਾਅਦ ’ਚ ਕੋਈ ਪੈਸਾ ਨਹੀਂ ਦੇਣਾ ਪੈਂਦਾ। ਸਥਿਤੀ ਉਦੋਂ ਗੰਭੀਰ ਹੁੰਦੀ ਹੈ, ਜਦੋਂ ਐਤਵਾਰ ਦੇ ਨਾਲ ਹੋਰ ਕਈ ਛੁੱਟੀਆਂ ਆ ਜਾਣ। ਜਿਵੇਂ ਇਸ ਹਫ਼ਤੇ 1 ਅਕਤੂਬਰ ਐਤਵਾਰ ਅਤੇ 2 ਅਕਤੂਬਰ ਨੂੰ ਗਾਂਧੀ ਜਯੰਤੀ ਕਾਰਨ ਛੁੱਟੀ ਸੀ। ਇਸ ਲਈ ਇਨ੍ਹਾਂ ਦੋ ਦਿਨਾਂ ਦੌਰਾਨ ਦਾਖਲ ਹੋਏ ਮਰੀਜ਼ਾਂ ਨੂੰ ਇਲਾਜ ਦੇ ਪੈਸੇ ਆਪਣੇ ਕੋਲੋਂ ਦੇਣੇ ਪਏ ਸਨ। ਇਸ ਸਕੀਮ ਤਹਿਤ 5 ਲੱਖ ਤੱਕ ਦਾ ਇਲਾਜ ਫ੍ਰੀ ਕਰਵਾਇਆ ਜਾ ਸਕਦਾ ਹੈ। ਇਹ ਸਕੀਮ ਸਰਕਾਰੀ ਹੀ ਨਹੀਂ, ਸਗੋਂ ਕਈ ਪ੍ਰਾਈਵੇਟ ਹਸਪਤਾਲਾਂ 'ਚ ਵੀ ਲਾਗੂ ਹੈ।
ਉੱਤਰਾਖੰਡ ਅਤੇ ਬਿਹਾਰ 'ਚ ਇਸ ਸਕੀਮ ਦਾ ਲਾਭ ਛੁੱਟੀਆਂ ਵਾਲੇ ਦਿਨ ਵੀ ਮਿਲਦਾ ਹੈ। ਇਸ ਬਾਰੇ ਨੈਸ਼ਨਲ ਹੈਲਥ ਮਿਸ਼ਨ ਦੇ ਨਿਰਦੇਸ਼ਕ ਅਭਿਨਵ ਤ੍ਰਿਖਾ ਨੇ ਕਿਹਾ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਛੁੱਟੀ ਵਾਲੇ ਦਿਨ ਆਯੁਸ਼ਮਾਨ ਕਾਰਡ ਦਾ ਫਾਇਦਾ ਮਰੀਜ਼ਾਂ ਨੂੰ ਨਹੀਂ ਮਿਲਦਾ। ਹੁਣ ਉਹ ਇਸ ਦੀ ਜਾਂਚ ਕਰਵਾਉਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਇਸ ਸਕੀਮ ਦਾ ਲਾਭ ਮਰੀਜ਼ਾਂ ਨੂੰ ਰਪ ਰੋਜ਼ ਬਿਨਾ ਰੁਕਾਵਟ ਦੇ ਮਿਲ ਸਕੇ।