ਫਲੂ ਦੇ ਕਹਿਰ ਤੋਂ ਸਾਵਧਾਨ! ਬਣ ਸਕਦਾ ਹੈ ਜਾਨਲੇਵਾ, ਚੰਡੀਗੜ੍ਹ ਦੇ ਹਸਪਤਾਲਾਂ ''ਚ ਵਧੀ ਮਰੀਜ਼ਾਂ ਦੀ ਭੀੜ

Tuesday, Feb 24, 2026 - 10:46 AM (IST)

ਫਲੂ ਦੇ ਕਹਿਰ ਤੋਂ ਸਾਵਧਾਨ! ਬਣ ਸਕਦਾ ਹੈ ਜਾਨਲੇਵਾ, ਚੰਡੀਗੜ੍ਹ ਦੇ ਹਸਪਤਾਲਾਂ ''ਚ ਵਧੀ ਮਰੀਜ਼ਾਂ ਦੀ ਭੀੜ

ਚੰਡੀਗੜ੍ਹ (ਸ਼ੀਨਾ) : ਫਰਵਰੀ ਦੇ ਆਖ਼ਰੀ ਦਿਨਾਂ ’ਚ ਜਿੱਥੇ ਦੁਪਹਿਰ ਦੀ ਧੁੱਪ ਗਰਮੀ ਦਾ ਅਹਿਸਾਸ ਕਰਾਉਂਦੀ ਹੈ, ਉੱਥੇ ਸਵੇਰੇ-ਸ਼ਾਮ ਦੀ ਠੰਡ ਅਜੇ ਵੀ ਆਪਣਾ ਅਸਰ ਦਿਖਾ ਰਹੀ ਹੈ। ਮੌਸਮ ਦੇ ਇਸ ਉਤਾਰ-ਚੜ੍ਹਾਅ ਕਾਰਨ ਵਾਇਰਲ ਇਨਫਲੂਐਂਜ਼ਾ ਫਲੂ ਆਪਣੇ ਪੈਰ ਪਸਾਰ ਰਿਹਾ ਹੈ। ਚੰਡੀਗੜ੍ਹ ਦੇ ਵੱਡੇ ਸਰਕਾਰੀ ਹਸਪਤਾਲਾਂ ਦੀਆਂ ਓ. ਪੀ. ਡੀਜ਼ ’ਚ ਬੁਖਾਰ, ਖੰਘ ਅਤੇ ਗਲਾ ਦਰਦ ਦੀ ਸ਼ਿਕਾਇਤ ਲੈ ਕੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਵੱਧਦੀ ਜਾ ਰਹੀ ਹੈ। ਜੀ. ਐੱਮ. ਸੀ. ਐੱਚ.-32 ਦੇ ਪਲਮਨਰੀ ਕ੍ਰਿਟੀਕਲ ਕੇਅਰ ਵਿਭਾਗ ਦੇ ਮੁਖੀ ਡਾ. ਦੀਪਕ ਅਗਰਵਾਲ ਦੱਸਦੇ ਹਨ ਕਿ ਇਕੱਲੇ ਉਨ੍ਹਾਂ ਦੇ ਹਸਪਤਾਲ ’ਚ ਹੀ ਫਲੂ ਦੇ ਰੋਜ਼ਾਨਾ 35 ਤੋਂ 45 ਮਰੀਜ਼ ਪਹੁੰਚ ਰਹੇ ਹਨ, ਜਦਕਿ ਜੀ. ਐੱਮ. ਐੱਸ. ਐੱਚ.-16 ’ਚ ਵੀ ਰੋਜ਼ਾਨਾ 25 ਤੋਂ 30 ਨਵੇਂ ਕੇਸ ਸਾਹਮਣੇ ਆ ਰਹੇ ਹਨ। ਡਾ. ਅਗਰਵਾਲ ਮੁਤਾਬਕ ਪਿਛਲੇ ਕੁੱਝ ਹਫ਼ਤਿਆਂ ’ਚ ਇਨ੍ਹਾਂ ਮਾਮਲਿਆਂ ’ਚ 25 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਅੰਕੜੇ ਆਪਣੇ ਆਪ ’ਚ ਦੱਸਦੇ ਹਨ ਕਿ ਸਥਿਤੀ ਕਿੰਨੀ ਤੇਜ਼ੀ ਨਾਲ ਬਦਲ ਰਹੀ ਹੈ।
ਆਮ ਜ਼ੁਕਾਮ ਸਮਝ ਕੇ ਨਾ ਕਰੋ ਅਣਦੇਖੀ, ਫਲੂ ਬਣ ਸਕਦਾ ਹੈ ਜਾਨਲੇਵਾ
ਬਹੁਤ ਸਾਰੇ ਲੋਕ ਇਸ ਫਲੂ ਨੂੰ ਆਮ ਜ਼ੁਕਾਮ ਸਮਝ ਕੇ ਅਣਦੇਖੀ ਕਰ ਦਿੰਦੇ ਹਨ ਪਰ ਡਾਕਟਰਾਂ ਮੁਤਾਬਕ ਇਹ ਗਲਤੀ ਭਾਰੀ ਪੈ ਸਕਦੀ ਹੈ। ਇਨਫਲੂਐਂਜ਼ਾ ਵਾਇਰਸ ਨੱਕ, ਗਲੇ ਤੇ ਫੇਫੜਿਆਂ ’ਤੇ ਇੱਕੋ ਵਾਰ ਹਮਲਾ ਕਰਦਾ ਹੈ ਅਤੇ ਵਾਇਰਸ ਦੇ ਸੰਪਰਕ ’ਚ ਆਉਣ ਦੇ ਮਹਿਜ਼ ਦੋ ਦਿਨਾਂ ਅੰਦਰ ਅਚਾਨਕ ਤੇ ਤੀਬਰਤਾ ਨਾਲ ਲੱਛਣ ਸਾਹਮਣੇ ਆਉਂਦੇ ਹਨ।

ਇਹ ਵੀ ਪੜ੍ਹੋ : ਪੰਜਾਬ ਭਰ ਦੀਆਂ ਅਦਾਲਤਾਂ ’ਚ ਕੰਮਕਾਜ ਪੂਰੀ ਤਰ੍ਹਾਂ ਠੱਪ! ਬਾਰ ਐਸੋਸੀਏਸ਼ਨ ਨੇ ਦਿੱਤੀ ਸਖ਼ਤ ਚਿਤਾਵਨੀ
ਇਹ ਹਨ ਲੱਛਣ
ਕੰਬਣੀ ਨਾਲ ਤੇਜ਼ ਬੁਖ਼ਾਰ
ਗਲੇ ਵਿੱਚ ਦਰਦ ਤੇ ਖਰਾਸ਼
ਲਗਾਤਾਰ ਖੰਘ
ਸਿਰ ਦਰਦ ਤੇ ਸਰੀਰ ਦਰਦ
ਨੱਕ ਵਗਣਾ ਤੇ ਨੱਕ ’ਚ ਦਰਦ
ਅੱਖਾਂ ’ਚੋਂ ਪਾਣੀ ਆਉਣਾ
ਜੀਭ ਦਾ ਸਵਾਦ ਨਾ ਆਉਣਾ
ਪੇਟ ਦਰਦ ਤੇ ਥਕਾਵਟ
ਸਾਹ ਦੇ ਮਰੀਜ਼ਾਂ ਲਈ ਵੱਡਾ ਖ਼ਤਰਾ
ਆਮ ਤੌਰ ’ਤੇ ਸਹੀ ਇਲਾਜ ਨਾਲ ਇਕ ਹਫ਼ਤੇ ’ਚ ਮਰੀਜ਼ ਨੂੰ ਰਾਹਤ ਮਿਲ ਜਾਂਦੀ ਹੈ ਪਰ ਕਈ ਮਾਮਲਿਆਂ ’ਚ ਲੱਛਣ ਲੰਬੇ ਸਮੇਂ ਤੱਕ ਬਣੇ ਰਹਿੰਦੇ ਹਨ। ਡਾ. ਅਗਰਵਾਲ ਤੇ ਡੀ. ਐੱਚ. ਐੱਸ. ਦੇ ਡਾ. ਸੁਮਨ ਸਿੰਘ ਦੋਵੇਂ ਇਕ ਸੁਰ ’ਚ ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਦਮਾ, ਸਾਹ ਦੀ ਤਕਲੀਫ਼ ਜਾਂ ਫੇਫੜਿਆਂ ਦੀ ਕੋਈ ਬਿਮਾਰੀ ਹੈ, ਉਨ੍ਹਾਂ ਲਈ ਇਹ ਫਲੂ ਜਾਨਲੇਵਾ ਹੋ ਸਕਦਾ ਹੈ। ਅਜਿਹੇ ਮਰੀਜ਼ਾਂ ’ਚ ਇਹ ਵਾਇਰਸ ਫੇਫੜਿਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਕਿਸੇ ਵੀ ਲੱਛਣ ਨੂੰ ਦੇਖਦੇ ਹੀ ਤੁਰੰਤ ਡਾਕਟਰ ਕੋਲ ਜਾਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਮਜੀਠੀਆ ਨੂੰ ਅੱਜ ਚੰਡੀਗੜ੍ਹ ਅਦਾਲਤ 'ਚ ਪੇਸ਼ ਹੋਣ ਦੇ ਹੁਕਮ, ਇਕ ਦਿਨ ਦੀ ਮਿਲੀ ਸੀ ਛੋਟ
ਇੰਝ ਫੈਲਦਾ ਹੈ ਫਲੂ
ਡਾ. ਅਗਰਵਾਲ ਸਮਝਾਉਂਦੇ ਹਨ ਕਿ ਇਹ ਵਾਇਰਸ ਹਵਾ ’ਚ ਤੈਰਦੀਆਂ ਮਹੀਨ ਬੂੰਦਾਂ (ਡ੍ਰੌਪਲੈਟਸ) ਰਾਹੀਂ ਫੈਲਦਾ ਹੈ। ਜਦੋਂ ਕੋਈ ਬੀਮਾਰ ਵਿਅਕਤੀ ਖੰਘਦਾ, ਛਿੱਕਦਾ ਜਾਂ ਗੱਲ ਕਰਦਾ ਹੈ ਤਾਂ ਇਹ ਬੂੰਦਾਂ ਨੇੜੇ ਖੜ੍ਹੇ ਵਿਅਕਤੀ ਤੱਕ ਪਹੁੰਚ ਜਾਂਦੀਆਂ ਹਨ ਅਤੇ ਇਨਫੈਕਸ਼ਨ ਦਾ ਕਾਰਨ ਬਣਦੀਆਂ ਹਨ। ਇਸੇ ਕਰਕੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਇਹ ਬੀਮਾਰੀ ਬਹੁਤ ਤੇਜ਼ੀ ਨਾਲ ਫੈਲਦੀ ਹੈ। ਡਾ. ਸੁਮਨ ਸਿੰਘ ਮੁਤਾਬਕ ਇਹ ਫਲੂ ਹਰ ਸਾਲ ਫਰਵਰੀ ਅੱਧ ਤੋਂ ਮਾਰਚ ਅੱਧ ਤੱਕ ਆਪਣੇ ਸਿਖ਼ਰ ’ਤੇ ਹੁੰਦਾ ਹੈ। ਜਿਉਂ-ਜਿਉਂ ਮਾਰਚ ’ਚ ਗਰਮੀ ਵੱਧਦੀ ਜਾਂਦੀ ਹੈ, ਤਿਉਂ-ਤਿਉਂ ਵਾਇਰਸ ਦਾ ਜ਼ੋਰ ਆਪਣੇ ਆਪ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਪਰ ਇਸ ਦੌਰਾਨ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ।
ਇੰਝ ਕਰੋ ਬਚਾਅ
ਸ਼ਾਮ ਤੇ ਰਾਤ ਵੇਲੇ ਹਲਕੇ ਗਰਮ ਕੱਪੜੇ ਪਾਓ।
ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ’ਤੇ ਰੁਮਾਲ ਜਾਂ ਮਾਸਕ ਜ਼ਰੂਰ ਲਾਓ।
ਬੀਮਾਰ ਵਿਅਕਤੀ ਦੂਜਿਆਂ ਤੋਂ ਦੂਰੀ ਬਣਾ ਕੇ ਰੱਖਣ।
ਫਾਸਟ ਫੂਡ, ਡੱਬਾਬੰਦ ਜੂਸ ਤੇ ਫ੍ਰੋਜ਼ਨ ਫੂਡ ਤੋਂ ਪਰਹੇਜ਼ ਕਰੋ।
ਤਾਜ਼ੇ ਫਲ, ਸਬਜ਼ੀਆਂ ਤੇ ਤਾਜ਼ੇ ਜੂਸ ਦੀ ਵਰਤੋਂ ਕਰੋ।
ਭਰਪੂਰ ਪਾਣੀ ਪੀਓ ਤੇ ਲੋੜ ਪਵੇ ਤਾਂ ਓ.ਆਰ.ਐੱਸ. ਲਓ।
ਲੱਛਣ ਦਿਸਦਿਆਂ ਹੀ ਘਰੇ ਬੈਠ ਕੇ ਦਵਾਈ ਲੈਣ ਦੀ ਥਾਂ ਡਾਕਟਰ ਕੋਲ ਜਾਓ।
ਸਮੇਂ ਸਿਰ ਇਲਾਜ ਨਾ ਲੈਣਾ ਛੋਟੀ ਬਿਮਾਰੀ ਨੂੰ ਵੱਡੀ ਮੁਸੀਬਤ ਬਣਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News