ਸਰਕਾਰੀ ਹਸਪਤਾਲਾਂ 'ਚ ਮਾਹਿਰ ਡਾਕਟਰਾਂ ਦੀ ਘਾਟ, ਖਹਿਰਾ ਨੇ 'ਆਪ' ਸਰਕਾਰ ਦੇ ਸਿਹਤ ਮਾਡਲ 'ਤੇ ਚੁੱਕੇ ਸਵਾਲ

Friday, Feb 20, 2026 - 10:16 AM (IST)

ਸਰਕਾਰੀ ਹਸਪਤਾਲਾਂ 'ਚ ਮਾਹਿਰ ਡਾਕਟਰਾਂ ਦੀ ਘਾਟ, ਖਹਿਰਾ ਨੇ 'ਆਪ' ਸਰਕਾਰ ਦੇ ਸਿਹਤ ਮਾਡਲ 'ਤੇ ਚੁੱਕੇ ਸਵਾਲ

ਚੰਡੀਗੜ੍ਹ - ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਹੈਲਥ ਮਾਡਲ ਨੂੰ ਲੈ ਕੇ ਤਿੱਖਾ ਹਮਲਾ ਬੋਲਦਿਆਂ ਇਸਨੂੰ ਮਹਿਜ਼ ਝੂਠੀ ਪਬਲਿਸੀਟੀ ਕਰਾਰ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿਚ ਡਾਕਟਰਾਂ ਦੀਆਂ56 ਫੀਸਦੀ ਆਸਾਮੀਆਂ ਖਾਲੀ ਪਈਆਂ ਹਨ। ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਸ਼ੋਸ਼ਲ ਮੀਡੀਆ ਉਤੇ ਇਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਅੰਕੜੇ ਸਾਂਝੇ ਕਰਦਿਆਂ ਸਿਹਤ ਮਾਡਲ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। 

ਖਹਿਰਾ ਵੱਲੋ ਸਾਂਝੀ ਕੀਤੀ ਰਿਪੋਰਟ ਮੁਤਾਬਕ, ਸਰਕਾਰ ਵੱਲੋਂ ਚਲਾਈ ਗਈ 'ਇੰਪੈਨਲਮੈਂਟ ਸਕੀਮ' ਦੇ ਬਾਵਜੂਦ ਲਗਭਗ 56% ਅਸਾਮੀਆਂ ਅਜੇ ਵੀ ਖਾਲੀ ਪਈਆਂ ਹਨ। ਇਸ ਮੁੱਦੇ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ ਅਤੇ ਵਿਰੋਧੀ ਧਿਰਾਂ ਨੇ 'ਆਪ' ਸਰਕਾਰ ਦੇ ਸਿਹਤ ਮਾਡਲ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

PunjabKesari

ਖਹਿਰਾ ਦਾ ਤਿੱਖਾ ਹਮਲਾ 
ਕਾਂਗਰਸੀ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਇਸ ਮੁੱਦੇ 'ਤੇ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਖਹਿਰਾ ਨੇ ਕਿਹਾ ਕਿ ਜਿੱਥੇ ਇਕ ਪਾਸੇ ਸਰਕਾਰ ਦੇਸ਼ ਭਰ 'ਚ ਆਪਣੇ ਸਿਹਤ ਮਾਡਲ ਦਾ ਪ੍ਰਚਾਰ ਕਰ ਰਹੀ ਹੈ, ਉੱਥੇ ਹੀ ਅਸਲੀਅਤ ਇਹ ਹੈ ਕਿ ਹਸਪਤਾਲਾਂ ਵਿੱਚ ਡਾਕਟਰ ਹੀ ਮੌਜੂਦ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ 'ਤੇ ਖਰਚ ਕੀਤੇ ਜਾ ਰਹੇ ਹਨ, ਜਦਕਿ ਮਰੀਜ਼ ਸਹੂਲਤਾਂ ਨੂੰ ਤਰਸ ਰਹੇ ਹਨ।

ਕੀ ਕਹਿੰਦੇ ਹਨ ਅੰਕੜੇ?

- ਜ਼ਿਲ੍ਹਾ ਹਸਪਤਾਲਾਂ 'ਚ ਮਾਹਿਰਾਂ ਦੀਆਂ 132 ਅਸਾਮੀਆਂ ਦੀ ਪਛਾਣ ਕੀਤੀ ਗਈ ਸੀ, ਜਿਨ੍ਹਾਂ 'ਚੋਂ ਸਿਰਫ਼ 50 ਡਾਕਟਰਾਂ ਨੇ ਹੀ ਜੁਆਇਨ ਕੀਤਾ ਹੈ।
- ਸਬ-ਡਿਵੀਜ਼ਨਲ ਹਸਪਤਾਲਾਂ 'ਚ ਸਥਿਤੀ ਹੋਰ ਵੀ ਮਾੜੀ ਹੈ, ਜਿੱਥੇ 168 ਅਸਾਮੀਆਂ 'ਚੋਂ ਸਿਰਫ਼ 54 ਡਾਕਟਰ ਹੀ ਮਿਲੇ ਹਨ।
- ਸਭ ਤੋਂ ਵੱਧ ਕਮੀ ਐਨੇਸਥੀਸੀਓਲੋਜੀ ਅਤੇ ਰੇਡੀਓਲੋਜੀ ਵਰਗੇ ਮਹੱਤਵਪੂਰਨ ਵਿਭਾਗਾਂ ਵਿੱਚ ਦੇਖਣ ਨੂੰ ਮਿਲੀ ਹੈ।

ਸਰਕਾਰੀ ਸਕੀਮ ਨੂੰ ਕਿਉਂ ਨਹੀਂ ਮਿਲ ਰਿਹਾ ਹੁੰਗਾਰਾ?
ਮਾਹਿਰਾਂ ਦਾ ਮੰਨਣਾ ਹੈ ਕਿ ਨਿੱਜੀ ਖੇਤਰ ਦੇ ਮੁਕਾਬਲੇ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਪੈਸੇ (Remuneration) ਕਾਫ਼ੀ ਘੱਟ ਹਨ। ਪ੍ਰਾਈਵੇਟ ਪ੍ਰੈਕਟਿਸ ਕਰਨ ਵਾਲੇ ਡਾਕਟਰ ਸਰਕਾਰੀ ਹਸਪਤਾਲਾਂ ਵਿਚ ਫਿਕਸ ਫੀਸ 'ਤੇ ਕੰਮ ਕਰਨ ਲਈ ਦਿਲਚਸਪੀ ਨਹੀਂ ਦਿਖਾ ਰਹੇ। ਫ਼ਿਰੋਜ਼ਪੁਰ, ਜਲੰਧਰ ਅਤੇ ਕਪੂਰਥਲਾ ਵਰਗੇ ਜ਼ਿਲ੍ਹਿਆਂ 'ਚ ਤਾਂ ਕਈ ਅਸਾਮੀਆਂ ਲਈ ਇਕ ਵੀ ਅਰਜ਼ੀ ਨਹੀਂ ਆਈ।


author

Sunaina

Content Editor

Related News