ਸਾਮਾਨ ਚੁੱਕਣ ਆਇਆ ਮੁਲਜ਼ਮ ਸਿਟੀ ਸਟੇਸ਼ਨ ਤੋਂ ਗ੍ਰਿਫਤਾਰ

Saturday, Jan 13, 2018 - 07:02 AM (IST)

ਜਲੰਧਰ, (ਮਹੇਸ਼)- ਗੁਰੂ ਨਾਨਕਪੁਰਾ ਵੈਸਟ ਦੀ ਗਲੀ ਨੰ. 7 ਵਿਚ ਪ੍ਰਵਾਸੀ ਮਜ਼ਦੂਰਾਂ ਦੇ ਬਣੇ ਕੁਆਰਟਰਾਂ ਵਿਚ ਰਹਿੰਦੀ ਟੀ. ਬੀ. ਦੀ ਬੀਮਾਰੀ ਨਾਲ ਪੀੜਤ 16 ਸਾਲਾ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਸਿਟੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਹੈ। ਸੁਰਿੰਦਰ ਕੁਮਾਰ ਪੁੱਤਰ ਪਨਾਰੂ ਵਾਸੀ ਯੂ. ਪੀ.  8 ਜਨਵਰੀ ਤੋਂ ਆਪਣੇ ਕੁਆਰਟਰ ਤੋਂ ਗਾਇਬ ਸੀ। ਪੀੜਤ ਲੜਕੀ ਦੇ ਬਿਆਨਾਂ 'ਤੇ ਥਾਣਾ ਰਾਮਾ ਮੰਡੀ ਵਿਚ ਮੁਲਜ਼ਮ ਦੇ ਖਿਲਾਫ 10 ਜਨਵਰੀ ਨੂੰ ਆਈ. ਪੀ. ਸੀ. ਦੀ ਧਾਰਾ 376 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸਦੀ ਭਾਲ ਵਿਚ ਪੁਲਸ ਵੱਖ-ਵੱਖ ਥਾਵਾਂ 'ਤੇ ਰੇਡ ਕਰ ਰਹੀ ਸੀ। ਥਾਣਾ ਰਾਮਾ ਮੰਡੀ ਦੀ ਲੇਡੀ ਪੁਲਸ ਇੰਸਪੈਕਟਰ ਪਰਵੀਨ ਕੁਮਾਰੀ ਨੇ ਦੱਸਿਆ ਮੁਲਜ਼ਮ ਸੁਰਿੰਦਰ ਕੁਮਾਰ ਅੱਜ ਆਪਣੇ ਕੁਆਰਟਰ ਤੋਂ ਸਾਮਾਨ ਚੁੱਕਣ ਲਈ ਆਇਆ ਸੀ। ਜਿਸ ਨੂੰ ਪੁਲਸ ਨੇ ਸਿਟੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ। ਉਸਦੀ ਯੂ. ਪੀ. ਤੇ ਕਿਸੇ ਹੋਰ ਥਾਂ 'ਤੇ ਭੱਜ ਜਾਣ ਦੀ ਯੋਜਨਾ ਸੀ। ਪੁਲਸ ਨੇ ਉਸਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਉਸਨੂੰ ਜੇਲ ਭੇਜ ਦਿੱਤਾ ਗਿਆ। ਸੁਰਿੰਦਰ ਕੁਮਾਰ ਦੀ ਹਵਸ ਦਾ ਸ਼ਿਕਾਰ ਹੋਈ ਲੜਕੀ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਪਿਛਲੇ 6 ਮਹੀਨਿਆਂ ਤੋਂ ਆਪਣੇ ਚਾਚਾ-ਚਾਚੀ ਨਾਲ ਕੁਆਰਟਰ ਵਿਚ ਰਹਿ ਰਹੀ ਹੈ। ਨਾਲ ਦੇ ਕੁਆਰਟਰ ਵਿਚ ਮੁਲਜ਼ਮ ਸੁਰਿੰਦਰ ਰਹਿੰਦਾ ਸੀ ਜੋ 8 ਜਨਵਰੀ ਦੀ ਰਾਤ ਉਸ ਨੂੰ ਜ਼ਬਰਦਸਤੀ ਚੁੱਕ ਕੇ ਆਪਣੇ ਕੁਆਰਟਰ ਵਿਚ ਲੈ ਗਿਆ। ਉਸਦੇ ਮੂੰਹ 'ਤੇ ਕੱਪੜਾ ਬੰਨ੍ਹ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਉਥੋਂ ਫਰਾਰ ਹੋ ਗਿਆ।


Related News