ਤਰਨਤਾਰਨ ਰਾਕੇਟ ਲਾਂਚਰ ਹਮਲੇ ’ਚ ਸ਼ਾਮਲ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ

Tuesday, Sep 17, 2024 - 02:42 PM (IST)

ਬਠਿੰਡਾ (ਸੁਖਵਿੰਦਰ) : ਤਰਨਤਾਰਨ ਰਾਕੇਟ ਲਾਂਚਰ ਹਮਲੇ ਦੇ ਮਾਮਲੇ ’ਚ ਸ਼ਾਮਲ ਮੁਲਜ਼ਮ ਸਮੇਤ 2 ਮੁਲਜ਼ਮਾਂ ਨੂੰ ਪੁਲਸ ਵੱਲੋਂ 2 ਦਿਨ ਦੇ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਗਿਆ ਹੈ। ਦੋਵੇਂ ਮੁਲਜ਼ਮ ਬਠਿੰਡਾ ਜੇਲ੍ਹ ’ਚ ਬੰਦ ਸਨ, ਜਿਨ੍ਹਾਂ ਤੋਂ ਪਿਛਲੇ ਦਿਨੀਂ ਆਰ. ਓ. ਵਿਚ ਛੁਪਾ ਕੇ ਰੱਖੇ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਕੇਂਦਰੀ ਜੇਲ੍ਹ ’ਚ ਕਿਸੇ ਵਿਅਕਤੀ ਵੱਲੋਂ ਜੇਲ੍ਹ ’ਚ ਫਿਲਟਰ ਲਗਾਉਣ ਦੀ ਪੇਸ਼ਕਸ਼ ਕੀਤੀ ਗਈ ਸੀ।

ਪੜਤਾਲ ਦੌਰਾਨ ਪਤਾ ਲੱਗਾ ਕਿ ਜੇਲ੍ਹ ਵਿਚ ਬੰਦ ਜੋਗਿੰਦਰ ਸਿੰਘ ਸ਼ੰਮੀ ਅਤੇ ਅਜਮੀਤ ਸਿੰਘ ਨੇ ਸੁਰਜੀਤ ਸਿੰਘ ਨਾਂ ਦੇ ਵਿਅਕਤੀ ਨਾਲ ਮਿਲ ਕੇ ਉਕਤ ਆਰ. ਓ. ਸਿਸਟਮ ਨੂੰ ਮੰਗਵਾਇਆ ਸੀ, ਜਿਸ ਵਿਚ 2 ਮੋਬਾਇਲ ਫੋਨ, 1 ਚਾਰਜਰ, ਏਅਰ ਪੌਡ ਛੁਪਾਏ ਗਏ। ਪੁਲਸ ਵੱਲੋਂ ਤਲਾਸ਼ੀ ਦੌਰਾਨ ਉਕਤ ਸਾਮਾਨ ਨੂੰ ਬਰਾਮਦ ਕੀਤਾ ਗਿਆ। ਉਕਤ ਦੋਵੇ ਮੁਲਜ਼ਮਾਂ ਖ਼ਿਲਾਫ਼ ਪਹਿਲਾ ਵੀ ਵੱਖ-ਵੱਖ ਮਾਮਲੇ ਦਰਜ ਹਨ। ਉਕਤ ਮੁਲਜ਼ਮਾਂ ’ਚੋਂ ਇਕ ਮੁਲਜ਼ਮ ਤਰਨਤਾਰਨ ਰਾਕੇਟ ਲਾਂਚਰ ਹਮਲੇ ਵਿਚ ਵੀ ਸ਼ਾਮਲ ਸੀ।

ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ 1 ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਜੇਲ੍ਹ ’ਚੋਂ 2 ਦਿਨ ਦੇ ਰਿਮਾਂਡ ’ਤੇ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋਗਿੰਦਰ ਅਤੇ ਅਜਮੀਤ ਦੋਵੇਂ ਬਠਿੰਡਾ ਜੇਲ੍ਹ ’ਚ ਬੰਦ ਹਨ, ਜਦੋਂ ਕਿ ਤੀਜੇ ਵਿਅਕਤੀ ਸੁਰਜੀਤ ਸਿੰਘ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ’ਚੋਂ ਇਕ ਮੁਲਜ਼ਮ ਅਜਮੀਤ ਸਿੰਘ ਦਾ ਨਾਂ ਤਰਨਤਾਰਨ ਰਾਕੇਟ ਲਾਂਚਰ ਕਾਂਡ ਸ਼ਾਮਲ ਹੈ, ਜਿਸਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੂਸਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


Babita

Content Editor

Related News