ਠੱਗੀ ਮਾਰਨ ਵਾਲੇ ਐੱਨ. ਆਰ. ਆਈਜ਼ ਨੂੰ ਭੇਜਿਆ ਜੇਲ

05/02/2018 4:21:24 AM

ਖੰਨਾ(ਸੁਨੀਲ)-ਖੰਨਾ ਪੁਲਸ ਵੱਲੋਂ ਨਕਲੀ ਕਰੰਸੀ ਸਮੇਤ ਫੜੇ ਗਏ ਐੱਨ. ਆਰ. ਆਈਜ਼ ਤੋਂ ਪੁੱਛਗਿਛ ਦੌਰਾਨ ਕਈ ਅਹਿਮ ਸੁਰਾਗ ਮਿਲੇ ਹਨ। ਇਸ ਸੰਬੰਧ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਟੀ ਥਾਣਾ ਐੱਸ. ਐੱਚ. ਓ. ਰਜਨੀਸ਼ ਸੂਦ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਰੋਮਾਨੀਆ ਨਿਵਾਸੀ ਮਿਹਾਈ ਅਤੇ ਇੰਗਲੈਂਡ ਨਿਵਾਸੀ ਜੈਸਨ ਤੋਂ ਪੁੱਛਗਿਛ ਦੇ ਦੌਰਾਨ ਕਈ ਅਹਿਮ ਸੁਰਾਗ ਹਾਸਲ ਕਰਦਿਆਂ ਵੱਖ-ਵੱਖ ਥਾਵਾਂ 'ਤੇ ਰੇਡ ਕਰਨ ਉਪਰੰਤ ਭਾਰੀ ਮਾਤਰਾ 'ਚ ਨਕਲੀ ਯੂਰੋ ਤੋਂ ਇਲਾਵਾ 4,36,500 ਰੁਪਏ ਦੀ ਨਕਲੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਦੋਵੇਂ ਦੋਸ਼ੀ ਭਾਰਤ ਦੇ ਕਈ ਸ਼ਹਿਰਾਂ 'ਚ ਵੀ ਨਕਲੀ ਯੂਰੋ ਚਲਾ ਕੇ ਲੱਖਾਂ ਰੁਪਏ ਠੱਗ ਚੁੱਕੇ ਹਨ। ਪੁੱਛਗਿਛ ਦੌਰਾਨ ਉਕਤ ਦੋਸ਼ੀਆਂ ਨੇ ਆਪਣਾ ਜੁਰਮ ਕਬੂਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕਥਿਤ ਦੋਸ਼ੀਆਂ ਦੇ ਕੋਲੋਂ 6760 ਨਕਲੀ ਯੂਰੋ ਬਰਾਮਦ ਕੀਤੇ ਹਨ, ਜਿਨ੍ਹਾਂ 'ਚੋਂ 4200 ਯੂਰੋ ਇਹ ਦੁਕਾਨਦਾਰਾਂ ਦੇ ਕੋਲ ਚਲਾ ਚੁੱਕੇ ਸਨ। ਇਸ ਤੋਂ ਇਲਾਵਾ 2500 ਯੂਰੋ ਹੋਰ ਜ਼ਬਤ ਕੀਤੇ ਗਏ ਹਨ। ਪੁਲਸ ਨੇ ਅੱਜ ਵੱਡੀ ਰਿਕਵਰੀ ਉਪਰੰਤ ਉਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ, ਜਿਨ੍ਹਾਂ ਨੂੰ ਅਦਾਲਤ ਦੇ ਨਿਰਦੇਸ਼ਾਂ 'ਤੇ ਜੇਲ ਭੇਜ ਦਿੱਤਾ ਗਿਆ ਹੈ।


Related News