ਵਿਦੇਸ਼ ਜਾਣ ਦੇ ਮੋਹ ’ਚ ਨੌਜਵਾਨ ਹੋ ਰਹੇ ਠੱਗੀ ਦਾ ਸ਼ਿਕਾਰ
Friday, Apr 19, 2024 - 03:19 AM (IST)
ਹਰ ਕੋਈ ਚਾਹੁੰਦਾ ਹੈ ਕਿ ਉਹ ਚੰਗੇ ਪੈਸੇ ਕਮਾਏ ਅਤੇ ਬਿਹਤਰ ਜ਼ਿੰਦਗੀ ਜੀਵੇ। ਇਸੇ ਆਸ ’ਚ ਆਪਣੇ ਸੁਖਦ ਭਵਿੱਖ ਦੇ ਸੁਫਨੇ ਸੰਜੋਅ ਕੇ ਕਈ ਨੌਜਵਾਨ ਕਿਸੇ ਵੀ ਤਰੀਕੇ ਨਾਲ ਵਿਦੇਸ਼ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਨ੍ਹਾਂ ’ਚੋਂ ਕਈ ਜਾਅਲਸਾਜ਼ ਏਜੰਟਾਂ ਦੇ ਹੱਥੋਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਦੀਆਂ ਚੰਦ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 9 ਫਰਵਰੀ, 2024 ਨੂੰ ਕੁਸ਼ੀਨਗਰ (ਉੱਤਰ ਪ੍ਰਦੇਸ਼) ’ਚ ਜਾਅਲਸਾਜ਼ਾਂ ਵੱਲੋਂ ਵਿਦੇਸ਼ ਜਾਣ ਦੇ ਚਾਹਵਾਨ 15 ਨੌਜਵਾਨਾਂ ਕੋਲੋਂ 11.25 ਲੱਖ ਰੁਪਏ ਦੀ ਠੱਗੀ ਮਾਰ ਕੇ ਉਨ੍ਹਾਂ ਨੂੰ ਫਰਜ਼ੀ ਵੀਜ਼ਾ ਅਤੇ ਟਿਕਟ ਫੜਾ ਦੇਣ ਦਾ ਮਾਮਲਾ ਸਾਹਮਣੇ ਆਇਆ। ਮੁੰਬਈ ਹਵਾਈ ਅੱਡੇ ’ਤੇ ਪੁੱਜਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਟਿਕਟ ਤਾਂ ਪਹਿਲਾਂ ਹੀ ਰੱਦ ਕਰਵਾਏ ਜਾ ਚੁੱਕੇ ਸਨ।
* 10 ਫਰਵਰੀ ਨੂੰ ਅਲਮੋੜਾ (ਉੱਤਰਾਖੰਡ) ਵਾਸੀ 2 ਭਰਾਵਾਂ ਨੇ ਉਨ੍ਹਾਂ ਨੂੰ ਅਜ਼ਰਬਾਈਜਾਨ ’ਚ ਡਰਾਈਵਰ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ 11 ਲੱਖ ਰੁਪਏ ਠੱਗਣ ਵਾਲੇ ਏਜੰਟ ਵਿਰੁੱਧ ਪੁਲਸ ਕੋਲ ਰਿਪੋਰਟ ਦਰਜ ਕਰਵਾਈ।
* 17 ਮਾਰਚ ਨੂੰ ਕੁਸ਼ੀਨਗਰ ਅਤੇ ਪੀਲੀਭੀਤ ਦੇ ਰਹਿਣ ਵਾਲੇ ਦੋ ਜਾਅਲਸਾਜ਼ਾਂ ਨੇ ਗੋਰਖਪੁਰ ਡਵੀਜ਼ਨ ਦੇ 40 ਨੌਜਵਾਨਾਂ ਨੂੰ ਨੌਕਰੀ ਲਈ ਓਮਾਨ ਭੇਜ ਦਿੱਤਾ, ਜਿੱਥੇ ਉਨ੍ਹਾਂ ਨੂੰ ਨੌਕਰੀ ਦੀ ਥਾਂ ਬੰਦੀ ਬਣਾ ਲਿਆ ਗਿਆ।
* 28 ਮਾਰਚ ਨੂੰ ਸ਼ਫੀਪੁਰ (ਉੱਤਰ ਪ੍ਰਦੇਸ਼) ਦੇ ਰਾਹਤਗੰਜ ’ਚ ਇਕ ਵਿਅਕਤੀ ਨੇ ਏਜੰਟ ਵੱਲੋਂ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ ਡੇਢ ਲੱਖ ਰੁਪਏ ਤੋਂ ਵੱਧ ਦੀ ਰਕਮ ਭੋਟ ਲੈਣ ਅਤੇ ਫਰਜ਼ੀ ਵੀਜ਼ਾ ਫੜਾਉਣ ਦੇ ਦੋਸ਼ ’ਚ ਸ਼ਿਕਾਇਤ ਦਰਜ ਕਰਵਾਈ।
* 4 ਅਪ੍ਰੈਲ ਨੂੰ ਚਰਖੀਦਾਦਰੀ (ਹਰਿਆਣਾ) ਜ਼ਿਲੇ ਦੇ ‘ਬਡਰਾਈ’ ਪਿੰਡ ਨਿਵਾਸੀ ਇਕ ਨੌਜਵਾਨ ਨੂੰ ਲੰਡਨ ’ਚ ਡੇਢ ਲੱਖ ਰੁਪਏ ਮਹੀਨਾ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 8 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਪੀੜਤ ਨੌਜਵਾਨ ਦੇ ਪਿਤਾ ਨੇ ਜਾਅਲਸਾਜ਼ ਟ੍ਰੈਵਲ ਏਜੰਟ ਵਿਰੁੱਧ ਪੁਲਸ ਨੂੰ ਸ਼ਿਕਾਇਤ ਦਿੱਤੀ।
* 4 ਅਪ੍ਰੈਲ ਨੂੰ ਹੀ ਯਮੁਨਾਨਗਰ ਦੇ ਇਕ ਨੌਜਵਾਨ ਨੂੰ ਵਿਦੇਸ਼ ਭੇਜ ਕੇ ਰੋਜ਼ਗਾਰ ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 3.80 ਲੱਖ ਰੁਪਏ ਠੱਗ ਲੈਣ ਅਤੇ ਆਪਣੀ ਰਕਮ ਵਾਪਸ ਮੰਗਣ ’ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਪੀੜਤ ਨੌਜਵਾਨ ਦੇ ਪਿਤਾ ਨੇ ਠੱਗ ਏਜੰਟ ਵਿਰੁੱਧ ਸ਼ਿਕਾਇਤ ਦਰਜ ਕਰਵਾਈ।
* 14 ਅਪ੍ਰੈਲ ਨੂੰ ਜਲਾਲਾਬਾਦ (ਪੰਜਾਬ) ’ਚ ਰਹਿਣ ਵਾਲੇ ਇਕ ਵਪਾਰੀ ਦੀ ਬੇਟੀ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਚੰਡੀਗੜ੍ਹ ਦੇ ਇਕ ਟ੍ਰੈਵਲ ਏਜੰਟ ਨੇ 16 ਲੱਖ ਰੁਪਏ ਠੱਗ ਲਏ। ਬੇਟੀ ਦੇ ਵਿਦੇਸ਼ ਨਾ ਜਾਣ ਅਤੇ ਕਰਜ਼ੇ ਦੇ ਜਾਲ ’ਚ ਫਸਣ ਕਾਰਨ ਵਪਾਰੀ ਨੇ ਘਰ ’ਚ ਆਤਮ-ਹੱਤਿਆ ਕਰ ਲਈ।
ਇਹੀ ਨਹੀਂ, ਕਈ ਵਾਰ ਜਦ ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ ਦੀ ਧਰਤੀ ’ਤੇ ਪਹੁੰਚ ਵੀ ਜਾਂਦਾ ਹੈ ਅਤੇ ਉੱਥੇ ਉਸ ਦਾ ਸਾਹਮਣਾ ਤਲਖ ਅਸਲੀਅਤ ਨਾਲ ਹੁੰਦਾ ਹੈ ਤਾਂ ਉਸ ਦੇ ਸੁਫਨੇ ਚੂਰ-ਚੂਰ ਹੋ ਜਾਂਦੇ ਹਨ। ਇਸੇ ਸਿਲਸਿਲੇ ’ਚ ਪਤਾ ਲੱਗਾ ਹੈ ਕਿ ਡੰਕੀ ਲਾ ਕੇ (ਨਾਜਾਇਜ਼ ਤਰੀਕੇ ਨਾਲ) ਅਮਰੀਕਾ ਜਾਣ ਵਾਲਿਆਂ ਨੂੰ ਉੱਥੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਉੱਥੇ ਨਰਕ ਵਰਗੀ ਜ਼ਿੰਦਗੀ ਬਿਤਾਉਣ ਨੂੰ ਮਜਬੂਰ ਹੁੰਦੇ ਹਨ। ਉੱਥੇ ਕਈ ਅਜਿਹੀਆਂ ਉਦਾਹਰਣਾਂ ਸਾਹਮਣੇ ਆਈਆਂ ਹਨ ਜੋ 6-6 ਮਹੀਨਿਆਂ ਤੋਂ ਰੋਜ਼ਗਾਰ ਲਈ ਭਟਕ ਰਹੇ ਹਨ ਅਤੇ ਉਨ੍ਹਾਂ ’ਚੋਂ ਕਈ ਨੌਜਵਾਨਾਂ ਨੂੰ ਤਾਂ ਆਪਣੇ ਘਰਾਂ ਤੋਂ ਪੈਸਾ ਮੰਗਵਾ ਕੇ ਖਰਚ ਚਲਾਉਣਾ ਪੈ ਰਿਹਾ ਹੈ।
ਅਮਰੀਕਾ ’ਚ ਵਸੇ ਭਾਰਤੀਆਂ ਕੋਲ ਹਰਿਆਣਾ ਅਤੇ ਪੰਜਾਬ ਆਦਿ ਸੂਬਿਆਂ ’ਚੋਂ ਅਮਰੀਕਾ ’ਚ ਨਾਜਾਇਜ਼ ਢੰਗ ਨਾਲ ਪੁੱਜੇ ਨੌਜਵਾਨਾਂ ਦੇ ਮਾਪਿਆਂ/ਰਿਸ਼ਤੇਦਾਰਾਂ ਦੇ ਫੋਨ ਆਉਂਦੇ ਹਨ ਜੋ ਉਨ੍ਹਾਂ ਨੂੰ ਨੌਕਰੀ ਦਿਵਾਉਣ ਦੀ ਬੇਨਤੀ ਕਰਦੇ ਹਨ ਪਰ ਉੱਥੇ ਵਸੇ ਭਾਰਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਨਾਜਾਇਜ਼ ਤੌਰ ’ਤੇ ਆਏ ਨੌਜਵਾਨਾਂ ਨੂੰ ਨੌਕਰੀ ’ਤੇ ਰੱਖ ਕੇ ਆਪਣੇ ਲਈ ਮੁਸੀਬਤ ਮੁੱਲ ਲੈਣੀ ਸੰਭਵ ਨਹੀਂ ਹੈ।
ਇਸੇ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦਿਆਂ ਵਿਦੇਸ਼ ਮੰਤਰਾਲਾ ਨੇ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਗਾਈਡਲਾਈਨ ਜਾਰੀ ਕਰ ਕੇ ਉਨ੍ਹਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਨੌਕਰੀ ਦੀਆਂ ਫਰਜ਼ੀ ਪੇਸ਼ਕਸ਼ਾਂ ਦੇ ਝਾਂਸੇ ’ਚ ਨਹੀਂ ਆਉਣਾ ਚਾਹੀਦਾ ਅਤੇ ਰਜਿਸਟਰਡ ਭਰਤੀ ਏਜੰਟਾਂ ਨਾਲ ਹੀ ਸੰਪਰਕ ਕਰਨਾ ਚਾਹੀਦਾ ਹੈ।
ਇਸ ਦੇ ਨਾਲ ਹੀ ਵਿਦੇਸ਼ ਮੰਤਰਾਲਾ ਨੇ ਵਿਦੇਸ਼ਾਂ ’ਚ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੀਆਂ ਸਾਰੀਆਂ ਅਨਰਜਿਸਟਰਡ ਕੰਪਨੀਆਂ ਨੂੰ ਵਿਦੇਸ਼ੀ ਭਰਤੀ ’ਚ ਸ਼ਾਮਲ ਨਾ ਹੋਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਅਜਿਹੀਆਂ ਸਰਗਰਮੀਆਂ ਮਿੱਥੇ ਨਿਯਮਾਂ ਦੀ ਉਲੰਘਣਾ ਅਤੇ ਮਨੁੱਖੀ ਤਸਕਰੀ ਦੇ ਬਰਾਬਰ ਸਜ਼ਾਯੋਗ ਅਪਰਾਧ ਹਨ।
ਇਸ ਲਈ ਨੌਜਵਾਨਾਂ ਨੂੰ ਵਿਦੇਸ਼ ਜਾਣ ਦੇ ਲਾਲਚ ’ਚ ਕੋਈ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ ਜਿਸ ਨਾਲ ਲਾਭ ਦੀ ਥਾਂ ਉਨ੍ਹਾਂ ਨੂੰ ਉਲਟਾ ਹਾਨੀ ਉਠਾਉਣੀ ਪਵੇ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ‘ਅਨਰਜਿਸਟਰਡ’ ਅਤੇ ਗੈਰ-ਕਾਨੂੰਨੀ ਏਜੰਟ ਕਈ ਵਾਰ ਲੋਕਾਂ ਨੂੰ ਖਤਰਨਾਕ ਕਿਸਮ ਦੇ ਕੰਮ ’ਚ ਫਸਾ ਦਿੰਦੇ ਹਨ, ਜਿੱਥੇ ਉਨ੍ਹਾਂ ਦੇ ਪ੍ਰਾਣਾਂ ਲਈ ਖਤਰਾ ਹੁੰਦਾ ਹੈ, ਇਸ ’ਤੇ ਵੀ ਧਿਆਨ ਦੇਣ ਦੀ ਲੋੜ ਹੈ।
-ਵਿਜੇ ਕੁਮਾਰ