ਤਲਵੰਡੀ ਸਾਬੋ ਪੁਲਸ ਵੱਲੋਂ ਚੂਰਾ-ਪੋਸਤ ਤੇ ਕਾਰ ਸਮੇਤ ਦੋ ਕਾਬੂ
Saturday, Feb 24, 2018 - 04:43 AM (IST)

ਤਲਵੰਡੀ ਸਾਬੋ(ਮੁਨੀਸ਼)- ਤਲਵੰਡੀ ਸਾਬੋ ਪੁਲਸ ਨੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਵੱਖ-ਵੱਖ ਦੋ ਮਾਮਲਿਆਂ ਵਿਚ ਭੁੱਕੀ ਚੂਰਾ-ਪੋਸਤ ਅਤੇ ਸ਼ਰਾਬ ਸਮੇਤ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣਾ ਤਲਵੰਡੀ ਸਾਬੋ ਦੇ ਏ .ਐੱਸ. ਆਈ. ਜੋਗਿੰਦਰ ਸਿੰਘ ਅਤੇ ਏ. ਐੱਸ. ਆਈ. ਗੁਰਮੇਜ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਤੰਗਰਾਲੀ ਵੱਲ ਗਸ਼ਤ ਕਰ ਰਹੇ ਸਨ ਤਾਂ ਇਕ ਹਰਿਆਣਾ ਤਰਫੋਂ ਆ ਰਹੀ ਮਾਰੂਤੀ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ ਇਕ ਗੱਟੇ ਵਿਚ 10 ਕਿਲੋ ਚੂਰਾ-ਪੋਸਤ ਭੁੱਕੀ ਬਰਾਮਦ ਕੀਤੀ ਗਈ। ਪੁਲਸ ਨੇ ਭੁੱਕੀ ਚੂਰਾ ਪੋਸਤ ਅਤੇ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੋਵਾਂ ਕਥਿਤ ਦੋਸ਼ੀਆਂ ਦੀ ਪਛਾਣ ਬਲਰਾਜ ਸਿੰਘ ਅਤੇ ਸੁਰਿੰਦਰ ਸਿੰਘ ਵਾਸੀ ਗੁਰੂਸਰ ਵਜੋਂ ਕੀਤੀ ਹੈ। ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਬਲਰਾਜ ਸਿੰਘ ਖਿਲਾਫ ਪਹਿਲਾਂ ਵੀ ਕਈ ਮਾਮਲਾ ਦਰਜ ਹਨ। ਦੂਜੇ ਮਾਮਲੇ 'ਚ ਥਾਣਾ ਤਲਵੰਡੀ ਸਾਬੋ ਦੇ ਹੌਲਦਾਰ ਸੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਸ਼ੇਖਪੁਰਾ ਤੋਂ ਲੇਲੇਵਾਲਾ ਨੂੰ ਗਸ਼ਤ ਦੌਰਾਨ ਜਾ ਰਹੇ ਸਨ ਤਾਂ ਰਸਤੇ ਵਿਚ ਇਕ ਵਿਅਕਤੀ ਸਿਰ 'ਤੇ ਗੱਟਾ ਰੱਖ ਕੇ ਆ ਰਿਹਾ ਸੀ ਜਿਸ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਸ ਪਾਸੋਂ 21 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ ਗਈ। ਪੁਲਸ ਨੇ ਕਥਿਤ ਦੋਸ਼ੀ ਸੁਖਦੇਵ ਸਿੰਘ ਵਾਸੀ ਲੇਲੇਵਾਲਾ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।