ਪੁਲਸ ਨੂੰ ਮਿਲੀ ਵੱਡੀ ਸਫਲਤਾ, ਰਾਹਗੀਰਾਂ ਨੂੰ ਦਾਤਰ ਦੀ ਨੋਕ ’ਤੇ ਲੁੱਟਣ ਵਾਲੇ 3 ਲੁਟੇਰੇ ਕਾਬੂ

Wednesday, Jan 14, 2026 - 10:15 AM (IST)

ਪੁਲਸ ਨੂੰ ਮਿਲੀ ਵੱਡੀ ਸਫਲਤਾ, ਰਾਹਗੀਰਾਂ ਨੂੰ ਦਾਤਰ ਦੀ ਨੋਕ ’ਤੇ ਲੁੱਟਣ ਵਾਲੇ 3 ਲੁਟੇਰੇ ਕਾਬੂ

ਲੁਧਿਆਣਾ (ਅਨਿਲ, ਸ਼ਿਵਮ) : ਥਾਣਾ ਜੋਧੇਵਾਲ ਦੀ ਪੁਲਸ ਨੇ ਰਾਹਗੀਰਾਂ ਨੂੰ ਹਥਿਆਰਾਂ ਦੀ ਨੋਕ ’ਤੇ ਡਰਾ-ਧਮਕਾ ਕੇ ਲੁੱਟਣ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰ ਸਮਾਗਮ ਦੌਰਾਨ ਏ. ਡੀ. ਸੀ. ਪੀ.-1 ਸਮੀਰ ਵਰਮਾ ਅਤੇ ਏ. ਸੀ. ਪੀ. ਨਾਰਥ ਕਿੱਕਰ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਜੋਧੇਵਾਲ ਦੇ ਮੁਖੀ ਇੰਸਪੈਕਟਰ ਜਸਬੀਰ ਸਿੰਘ ਦੀ ਪੁਲਸ ਟੀਮ ਨੇ 7 ਜਨਵਰੀ ਨੂੰ ਇਕ ਕੇਸ ਦਰਜ ਕੀਤਾ ਸੀ, ਜਿਸ ਵਿਚ ਸ਼ਿਕਾਇਤਕਰਤਾ ਰਾਜੀਵ ਕੁਮਾਰ ਵਾਸੀ ਮੁਹੱਲਾ ਨਿਉ ਕੁਲਦੀਪ ਨਗਰ ਰਾਹੋਂ ਰੋਡ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ 6 ਜਨਵਰੀ ਨੂੰ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫੈਕਟਰੀ ਤੋਂ ਛੁੱਟੀ ਕਰ ਕੇ ਘਰ ਵਾਪ ਜਾ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਅੜਿੱਕੇ ਚੜ੍ਹਿਆ ਗੋਸਾ ਗੈਂਗ ਦਾ ਲੀਡਰ! CIA ਸਟਾਫ਼ ਦੇ ਮੈਂਬਰ ਬਣ ਕੇ ਲੁੱਟੇ ਸੀ ਕੈਨੇਡੀਅਨ ਡਾਲਰ

ਇਸੇ ਦੌਰਾਨ ਕਾਕੋਵਾਲ ਰੋਡ ’ਤੇ 5 ਲੁਟੇਰਿਆਂ ਵਲੋਂ ਦਾਤਰ ਦੀ ਨੋਕ ’ਤੇ ਉਸ ਦੇ ਮੋਟਰਸਾਈਕਲ ਨੂੰ ਘੇਰ ਲਿਆ ਗਿਆ, ਜਿਸ ਤੋਂ ਬਾਅਦ ਉਕਤ ਲੁਟੇਰੇ ਉਸ ਨੂੰ ਡਰਾ-ਧਮਕਾ ਕੇ ਉਸ ਦਾ ਮੋਟਰਸਾਈਕਲ ਲੁੱਟ ਕੇ ਫਰਾਰ ਹੋ ਗਏ। ਏ. ਡੀ.ਸੀ.ਪੀ. ਸਮੀਰ ਵਰਮਾ ਨੇ ਦੱਸਿਆ ਕਿ ਇਸ ਤੋਂ ਬਾਅਦ ਥਾਣਾ ਜੋਧੇਵਾਲ ਦੀ ਪੁਲਸ ਨੇ ਉਕਤ ਮਾਮਲੇ ’ਤੇ ਕਾਰਵਾਈ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਵਿਕਾਸ ਕੁਮਾਰ ਪੁੱਤਰ ਹਰਜਿੰਦਰ ਕੁਮਾਰ ਵਾਸੀ ਮੁਹੱਲਾ ਲਾਜਪਤ ਨਗਰ, ਆਸ਼ੁੂ ਕੁਮਾਰ ਪੁੱਤਰ ਅਨਿਲ ਪ੍ਰਸਾਦ ਵਾਸੀ ਮੁਹੱਲਾ ਬਾਵਾ ਕਾਲੋਨੀ ਅਤੇ ਨਵਾਬ ਖਾਨ ਪੁੱਤਰ ਤਾਜੂਦੀਨ ਖਾਨ ਵਾਸੀ ਨਿਊ ਨੰਦ ਕਾਲੋਨੀ, ਕੈਲਾਸ਼ ਨਗਰ ਰੋਡ ਵਜੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਤਿੰਨੋਂ ਮੁਲਜ਼ਮਾਂ ਕੋਲੋਂ ਲੋਕਾਂ ਤੋਂ ਲੁੱਟੇ ਹੋਏ ਵੱਖ-ਵੱਖ ਕੰਪਨੀਆਂ ਦੇ 4 ਮੋਬਾਈਲ ਫੋਨ 1 ਲੁੱਟਿਆ ਹੋਇਆ ਮੋਟਰਸਾਈਕਲ ਅਤੇ 1 ਲੋਹੇ ਦਾ ਦਾਤਰ ਬਰਾਮਦ ਕੀਤਾ ਹੈ। ਪੁਲਸ ਵਲੋਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸਰਹੱਦ 'ਤੇ ਵਧਿਆ ਤਣਾਅ: 3 ਦਿਨਾਂ 'ਚ ਦੂਜੀ ਵਾਰ ਪਾਕਿਸਤਾਨੀ ਡਰੋਨ ਨੇ ਕੀਤੀ ਘੁਸਪੈਠ ਦੀ ਕੋਸ਼ਿਸ਼

ਏ. ਡੀ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ’ਚੋਂ ਵਿਕਾਸ ਕੁਮਾਰ ਪਹਿਲਾਂ ਹੀ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਦਾ ਆਦੀ ਹੈ, ਜਿਸ ’ਤੇ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ 6 ਅਗਸਤ 2024 ਨੂੰ ਲੁੱਟ ਅਤੇ ਚੋਰੀ ਦਾ ਕੇਸ ਦਰਜ ਕੀਤਾ ਸੀ, ਜਿਸ ਵਿਚ ਮੁਲਜ਼ਮ ਜੇਲ ਤੋਂ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਾਰੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।


author

Sandeep Kumar

Content Editor

Related News