ਵਿਦੇਸ਼ ਤੋਂ ਆਈ ਕੁੜੀ ਨਾਲ ਕਾਰ ਸਵਾਰ ਨੌਜਵਾਨਾਂ ਨੇ ਕੀਤੀ ਛੇੜਛਾੜ, ਇਕ ਕਾਬੂ
Wednesday, Jan 14, 2026 - 12:25 PM (IST)
ਚੰਡੀਗੜ੍ਹ (ਸੁਸ਼ੀਲ) : ਵਿਦੇਸ਼ ਤੋਂ ਆਈ ਕੁੜੀ ਨਾਲ ਕਾਰ ਸਵਾਰ ਤਿੰਨ ਨੌਜਵਾਨ ਸੈਕਟਰ-7/8 ਦੀ ਵਿਭਾਜਤ ਸੜਕ ’ਤੇ ਛੇੜਛਾੜ ਕਰ ਫ਼ਰਾਰ ਹੋ ਗਏੇ। ਕੁੜੀ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਪਰਚਾ ਦਰਜ ਕਰਕੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਮਨੀਮਾਜਰਾ ਦੇ ਰਿਆਨ ਗੁਪਤਾ ਵਜੋਂ ਹੋਈ ਹੈ। ਰਿਆਨ ਬਰਵਾਲਾ ’ਚ ਪੜ੍ਹਦਾ ਹੈ। ਪੁਲਸ ਸ਼ਿਕਾਇਤ ’ਚ ਕੁੜੀ ਨੇ ਦੱਸਿਆ ਕਿ ਉਹ ਮੋਹਾਲੀ ਦੀ ਵਸਨੀਕ ਤੇ ਆਸਟ੍ਰੇਲੀਆ ’ਚ ਪੜ੍ਹਦੀ ਹੈ ਅਤੇ ਹਾਲ ਹੀ ’ਚ ਵਾਪਸ ਆਈ ਹੈ।
ਸੋਮਵਾਰ ਰਾਤ ਨੂੰ ਸੈਕਟਰ-7 ਇਲਾਕੇ ’ਚ ਕਾਰ ਸਵਾਰ ਤਿੰਨ ਨੌਜਵਾਨ ਉਸ ਨੂੰ ਤੰਗ-ਪਰੇਸ਼ਾਨ ਕਰਨ ਲੱਗੇ। ਸੈਕਟਰ-7 ਤੋਂ ਮੋਹਾਲੀ ਵੱਲ ਵਾਪਸ ਆਉਂਦੇ ਸਮੇਂ ਨੌਜਵਾਨ ਸੈਕਟਰ-7-8 ਦੀ ਵਿਭਾਜਤ ਸੜਕ ’ਤੇ ਉਸਦਾ ਪਿੱਛਾ ਕਰਦੇ ਰਹੇ। ਕੁੜੀ ਨੇ ਸ਼ੁਰੂ ’ਚ ਉਨ੍ਹਾਂ ਦੀ ਗੱਲ ਨੂੰ ਨਜ਼ਰ-ਅੰਦਾਜ਼ ਕੀਤਾ ਪਰ ਜਦੋਂ ਉਹ ਨਹੀਂ ਰੁਕੇ ਤੇ ਉਸਦਾ ਪਿੱਛਾ ਕਰਦੇ ਰਹੇ ਤਾਂ ਉਸਨੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਸੈਕਟਰ-3 ਪੁਲਸ ਮੌਕੇ ’ਤੇ ਪਹੁੰਚੀ ਤੇ ਕੁੜੀ ਦੇ ਬਿਆਨ ਦਰਜ ਕੀਤੇ। ਜਾਂਚ ਦੌਰਾਨ ਪੁਲਸ ਨੇ ਰਿਆਨ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ’ਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
