ਪੰਜਾਬ ਪੁਲਸ ਨੇ ਕੀਤਾ ਵੱਡਾ ਐਨਕਾਊਂਟਰ, ਦੋ ਖ਼ਤਰਨਾਕ ਸ਼ੂਟਰਾਂ ਨਾਲ ਹੋਇਆ ਮੁਕਾਬਲਾ

Wednesday, Jan 14, 2026 - 06:43 AM (IST)

ਪੰਜਾਬ ਪੁਲਸ ਨੇ ਕੀਤਾ ਵੱਡਾ ਐਨਕਾਊਂਟਰ, ਦੋ ਖ਼ਤਰਨਾਕ ਸ਼ੂਟਰਾਂ ਨਾਲ ਹੋਇਆ ਮੁਕਾਬਲਾ

ਪਟਿਆਲਾ (ਵੈੱਬ ਡੈੱਸਕ, ਬਲਜਿੰਦਰ) : ਪੰਜਾਬ ਪੁਲਸ ਵੱਲੋਂ ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪਟਿਆਲਾ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਸ ਮੁਠਭੇੜ ਦੌਰਾਨ ਗੋਲਡੀ ਢਿੱਲੋਂ ਗੈਂਗ ਦੇ ਦੋ ਖ਼ਤਰਨਾਕ ਸ਼ੂਟਰਾਂ ਨੂੰ ਕਾਬੂ ਕਰ ਲਿਆ ਗਿਆ। ਸੀਨੀਅਰ ਕਪਤਾਨ ਪੁਲਸ (SSP) ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਕਾਰਵਾਈ ਸੀ.ਆਈ.ਏ. ਪਟਿਆਲਾ ਦੀ ਟੀਮ ਵੱਲੋਂ ਐਸ.ਪੀ. (ਇਨਵੈਸਟੀਗੇਸ਼ਨ) ਅਤੇ ਡੀ.ਐਸ.ਪੀ. ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਗਈ ਹੈ। ਮੁਠਭੇੜ ਦਾ ਪੂਰਾ ਵੇਰਵਾ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੋਲਡੀ ਢਿੱਲੋਂ ਗੈਂਗ ਦੇ ਸ਼ੂਟਰ ਦਵਿੰਦਰ ਸਿੰਘ (ਵਾਸੀ ਚਮਕੌਰ ਸਾਹਿਬ) ਅਤੇ ਅਨੁਜ ਕੁਮਾਰ (ਵਾਸੀ ਪਿੰਡ ਮਾਣੇਮਾਜਰਾ) ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਘੁੰਮ ਰਹੇ ਹਨ। ਮਿਤੀ 12.01.2026 ਨੂੰ ਜਦੋਂ ਪੁਲਸ ਪਾਰਟੀ ਨੇ ਪਿੰਡ ਦਲਾਨਪੁਰ (ਬਾਈਪਾਸ) ਨੇੜੇ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮਾਂ ਨੇ ਮੋਟਰਸਾਈਕਲ ਤੋਂ ਉਤਰ ਕੇ ਪੁਲਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ, ਜਿਸ ਵਿਚ ਦੋਵੇਂ ਸ਼ੂਟਰਾਂ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ। ਜ਼ਖ਼ਮੀ ਹਾਲਤ ਵਿਚ ਦੋਵਾਂ ਨੂੰ ਕਾਬੂ ਕਰਕੇ ਇਲਾਜ ਲਈ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਨੂੰ ਮੁਲਜ਼ਮਾਂ ਕੋਲੋਂ ਇੱਕ .30 ਬੋਰ ਪਿਸਟਲ, ਇੱਕ .32 ਬੋਰ ਪਿਸਟਲ, 7 ਖੋਲ ਰੌਂਦ ਅਤੇ 3 ਜਿੰਦਾ ਰੌਂਦ, ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ। 

ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਐਨਕਾਊਂਟਰ, ਪੁਲਸ ਨੇਕੇ 'ਤੇ ਚੱਲੀਆਂ ਗੋਲੀਆਂ

ਬਜ਼ੁਰਗ 'ਤੇ ਹਮਲਾ ਅਤੇ ਫਿਰੌਤੀ ਦਾ ਖੁਲਾਸਾ 

SSP ਅਨੁਸਾਰ ਇਹ ਸ਼ੂਟਰ ਮਿਤੀ 12.12.2025 ਨੂੰ ਪਿੰਡ ਗੰਢੇਮਾਜਰਾ ਦੇ 70 ਸਾਲਾ ਬਜ਼ੁਰਗ ਦਰਸ਼ਨ ਸਿੰਘ 'ਤੇ ਹੋਏ ਹਮਲੇ ਵਿਚ ਸ਼ਾਮਲ ਸਨ, ਜਿਸ ਨੂੰ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਗੋਲਡੀ ਢਿੱਲੋਂ, ਜੋ ਕਿ ਅਮਰੀਕਾ ਵਿਚ ਰਹਿੰਦੇ ਦਰਸ਼ਨ ਸਿੰਘ ਦੇ ਲੜਕੇ (ਪ੍ਰੀਤ) ਤੋਂ ਫਿਰੌਤੀ ਦੀ ਮੰਗ ਕਰ ਰਿਹਾ ਸੀ, ਨੇ ਫਿਰੌਤੀ ਨਾ ਮਿਲਣ ਕਾਰਨ ਆਪਣੇ ਸਾਥੀਆਂ ਰਾਹੀਂ ਇਹ ਹਮਲਾ ਕਰਵਾਇਆ ਸੀ। ਪੁਲਸ ਮੁਤਾਬਕ ਮੁਲਜ਼ਮਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 


author

Gurminder Singh

Content Editor

Related News