ਠੇਕੇ ਦੇ ਕਰਿੰਦੇ ਨਾਲ ਬੀਅਰ ਦੇ ਰੇਟ ਨੂੰ ਲੈ ਕੇ ਹੋਈ ਬਹਿਸ਼ਬਾਜ਼ੀ, ਫਿਰ ਰਾਹ ’ਚ ਘੇਰ...
Thursday, Jul 17, 2025 - 04:09 AM (IST)

ਲੁਧਿਆਣਾ (ਅਨਿਲ) - ਥਾਣਾ ਜੋਧੇਵਾਲੇ ਦੀ ਪੁਲਸ ਨੇ ਸ਼ਰਾਬ ਦੇ ਠੇਕੇ ’ਤੇ ਕੰਮ ਕਰਨ ਵਾਲੇ ਕਰਿੰਦੇ ਨਾਲ ਬੀਅਰ ਦੀ ਬੋਤਲ ਲੈਣ ਲਈ ਰੇਟ ਪਿੱਛੇ ਹੋਈ ਬਹਿਸ਼ਬਾਜ਼ੀ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਵਲੋਂ ਠੇਕੇ ਦੇ ਕਰਿੰਦੇ ਨੂੰ ਰਸਤੇ ’ਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਮੋਬਾਈਲ ਤੇ ਨਕਦੀ ਲੁੱਟਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਇੰਚਾਰਜ ਇੰਸ. ਜਸਬੀਰ ਸਿੰਘ ਅਤੇ ਜਾਂਚ ਅਧਿਕਾਰੀ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਕਰਤਾ ਅਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮੁਹੱਲਾ ਪ੍ਰੇਮ ਨਗਰ ’ਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਪਿੰਡ ਭੱਟੀਆਂ ਬੇਟ ਮਾਰਕੀਟ ’ਚ ਸ਼ਰਾਬ ਦੇ ਠੇਕੇ ’ਤੇ ਉਹ ਕੰਮ ਕਰਦਾ ਹੈ।
ਇਸ ਦੌਰਾਨ 3 ਨੌਜਵਾਨ ਠੇਕੇ ’ਤੇ ਬੀਅਰ ਦੀ ਬੋਤਲ ਲੈਣ ਆਏ, ਜਿਸ ਤੋਂ ਬਾਅਦ ਉਕਤ ਨੌਜਵਾਨਾਂ ਵਲੋਂ ਬੀਅਰ ਦੇ ਰੇਟ ਨੂੰ ਲੈ ਕੇ ਉਸ ਨਾਲ ਬਹਿਸ਼ਬਾਜ਼ੀ ਕੀਤੀ ਗਈ। ਇਸ ਤੋਂ ਬਾਅਦ 3 ਨੌਜਵਾਨ ਮੌਕੇ ਤੋਂ ਚਲੇ ਗਏ। ਜਦ ਉਹ ਕੰਮ ਖ਼ਤਮ ਕਰ ਕੇ ਘਰ ਵਾਪਸ ਜਾਣ ਲੱਗਿਆ ਤਾਂ ਬਹਾਦੁਰਕੇ ਰੋਡ ਗਊਸ਼ਾਲਾ ਕੋਲ 3 ਅਣਪਛਾਤੇ ਮੁਲਜ਼ਮਾ ਵਲੋਂ ਉਸ ਨੂੰ ਘੇਰ ਲਿਆ ਅਤੇ ਦਾਤਰ ਨਾਲ ਉਸ ਦੀ ਕੁੱਟਮਾਰ ਕੀਤੀ ਗਈ। ਇਸ ਦੌਰਾਨ ਮੁਲਜ਼ਮ ਉਸ ਦਾ ਮੋਬਾਈਲ ਫੋਨ ਅਤੇ 2300 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ 3 ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰ ਕੇ ਉਕਤ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।