ਵਰ੍ਹੇਗੰਢ ਸਪੈਸ਼ਲ : ਜੱਦੋ ਸਾਡੇ ਵਡਾਰੂਆਂ ਨੂੰ ਕੈਨੇਡਾ ਵਿੱਚੋਂ ਦੁਰਕਾਰਿਆ ਗਿਆ’

05/24/2020 2:35:29 PM

ਗੁਰਸ਼ਮਸ਼ੀਰ ਸਿੰਘ ਵੜੈਚ

ਕਾਮਾਗਾਟਾਮਾਰੂ ਤਰਾਸਦੀ  ਨੂੰ ਚੇਤੇ ਕਰਦਿਆਂ !

ਅੱਜ ਸ਼ਾਇਦ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਕੋਰੋਨਾ ਦੇ ਮਰੀਜ਼ਾਂ ਤੋਂ ਵੀ ਵੱਧ ਮਾਯੂਸ ਉਹ ਪੰਜਾਬੀ ਹਨ, ਜੋ ਕੈਨੇਡਾ ਜਾਣ ਦੇ ਚਾਹਵਾਨ ਹਨ। ਕੋਰੋਨਾ ਕਰਕੇ ਉਪਜੀ ਸਥਿਤੀ ਵਿੱਚ ਜਾਂ ਤਾਂ ਉਨ੍ਹਾਂ ਦਾ ਜਾਣਾ ਰੁਕ ਗਿਆ ਹੈ ਜਾਂ ਘੱਟੋ-ਘੱਟ ਅੱਗੇ ਜਰੂਰ ਪੈ ਗਿਆ ਹੈ, ਇਸ ਵਿੱਚ ਵਿਦਿਆਰਥੀ, ਸਿਖਿਆਰਥੀ, ਵਿਆਹੇ, ਕੁਆਰੇ, ਬੁਢੇ-ਜਵਾਨ ਸਭ ਸ਼ਾਮਲ ਹਨ। ਗੱਲ ਕੀ ਕੈਨੇਡਾ ਅੱਜ ਪੰਜਾਬੀਆਂ ਨੂੰ ਪੰਜਾਬ ਤੋਂ ਵੱਧ ਪਿਆਰਾ ਲੱਗਦਾ ਹੈ ਅਤੇ ਉਸਦੇ ਆਪਣੇ ਕਾਰਨ ਹਨ। ਸਭ ਤੋਂ ਵੱਡਾ ਕਾਰਨ ਆਪਣੀ ਮੇਹਨਤ ਅਤੇ ਲਗਨ ਨਾਲ ਪੰਜਾਬੀਆਂ ਵੱਲੋਂ ਕੈਨੇਡਾ ਵਿੱਚ ਮਾਰੀਆਂ ਮੱਲਾਂ ਹਨ, ਜੋ ਸ਼ਾਇਦ ਉਹ ਪੰਜਾਬ ਵਿੱਚ ਨਹੀਂ ਕਰ ਸਕੇ। ਇਸੇ ਕਰਕੇ ਕੈਨੇਡਾ ਅੱਜ ਸ਼ਾਇਦ ਸਾਡੀ ਹਰੇਕ ਬੀਮਾਰੀ ਦਾ ਇਲਾਜ ਬਣ ਚੁੱਕਿਆ ਹੈ।‌ ਪਰ ਸਾਡੀ ਸਥਿਤੀ ਕੈਨੇਡਾ ਵਿੱਚ ਹਮੇਸ਼ਾਂ ਤੋਂ ਅਜਿਹੀ ਨਹੀਂ ਸੀ। ਅੱਜ ਦੀ ਸਥਿਤੀ ਨੂੰ ਹਾਸਲ ਕਰਨ ਵਿੱਚ ਪਹਿਲੀਆਂ ਵਿੱਚ ਗਏ ਸਾਡੇ ਬਜੁਰਗਾਂ ਵੱਲੋਂ ਕੀਤਾ ਸੰਘਰਸ਼ ਅਤੇ ਹੱਡ ਚੀਰਵੀਂ ਮੇਹਨਤ ਦਾ ਅਹਿਮ ਰੋਲ ਹੈ।‌ ਕੈਨੇਡਾ ਵਿੱਚ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਪੰਜਾਬੀਆਂ ਵਿੱਚ ਬਰਤਾਨਵੀ ਸਾਮਰਾਜ ਲਈ ਲੜਨ ਵਾਲੇ ਸਿਖ ਫੌਜੀਆਂ ਦਾ ਉਹ ਹਿੱਸਾ ਸੀ, ਜੋ ਸਾਲ 1897 ਵਿੱਚ ਮਾਹਰਾਣੀ ਵਿਕਟੋਰੀਆ ਦੀ ਤਾਜਪੋਸ਼ੀ ਦੀ 50ਵੀਂ ਵਰੇਗੰਢ ਵਿੱਚ ਸ਼ਾਮਲ ਹੋਣ ਲੰਦਨ ਗਿਆ ਸੀ, ਉਥੋਂ ਇਹ ਜੱਥਾ ਕੈਨੇਡਾ ਅੱਪੜ ਗਿਆ ਸੀ। ਸਾਲ 1908 ਆਉਂਦੇ-ਆਉਦੇਂ ਲਗਭਗ 4000 ਪੰਜਾਬੀ ਕੈਨੇਡਾ ਵਿੱਚ ਵੱਸ ਚੁੱਕੇ ਸਨ, ਜਿਨ੍ਹਾਂ ਵਿਚੋਂ ਬਹੁਤੇ ਕਿਸਾਨ ਸਨ ਕੁੱਝ ਕੁ ਪੰਜਾਬੀ ਰੇਲਾਂ ਅਤੇ ਸੜਕਾਂ ਵਿਛਾਣ ਜਿਹੇ ਸਖਤ ਕੰਮਾਂ ਵਿੱਚ ਵੀ ਲੱਗੇ ਹੋਏ ਸਨ।

ਕੈਨੇਡਾ ਜਾ ਵੱਸੇ ਇਨ੍ਹਾਂ ਪੰਜਾਬੀਆਂ ਵੱਲੋਂ ਭਰੋਸਾ ਅਤੇ ਸੱਦਾ ਦਿੱਤੇ ਜਾਣ ਮਗਰੋਂ ਮਲਾਇਆ ਦੇ ਇੱਕ ਹਿੰਮਤੀ ਅਤੇ ਨਿਡਰ ਸਿੱਖ ਕਾਰੋਬਾਰੀ ਗੁਰਦਿੱਤ ਸਿੰਘ ਨੇ ਹਾਂਗਕਾਂਗ ਤੋਂ ਇਕ ਕੋਲਾ ਲਿਜਾਣ ਜਹਾਜ਼ ਕਰਾਏ ਉਪਰ ਕਰਕੇ ਕੈਨੇਡਾ ਜਾਣਦੇ ਚਾਹਵਾਨ ਪੰਜਾਬੀਆਂ ਨੂੰ ਤਿਆਰ ਕਰਨਾ ਅਤੇ ਯਾਤਰਾ ਲਈ ਜਹਾਜ਼ ਦੀਆਂ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਭਾਰਤ ਵਾਂਗ ਹਾਂਗਕਾਂਗ ਅਤੇ ਕੈਨੇਡਾ ਵੀ ਉਸ ਵੇਲੇ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਸਨ।‌ ਇਸੇ ਕਰਕੇ ਹਾਂਗਕਾਂਗ ਦੀ ਉਸ ਵੇਲੇ ਦੀ ਸਰਕਾਰ ਨੇ ਭਾਈ ਗੁਰਦਿੱਤ ਦੇ ਸਫਰ ਨੂੰ ਰੋਕਣ ਲਈ ਕਾਫੀ ਠੁਚਰਾਂ ਢਾਹੀਆਂ, ਕਿਉਂਕਿ ਉਸ ਵੇਲੇ ਦੀ ਬ੍ਰਿਟਿਸ਼ ਪ੍ਰਭਾਵ ਵਾਲੀ ਕੈਨੇਡਾ ਦੀ ਹਕੂਮਤ ਕੈਨੇਡਾ ਦੀ ਧਰਤੀ ਨੂੰ ਸਿਰਫ ਗੋਰਿਆਂ ਵਾਸਤੇ ਰਾਖਵਾਂ ਰੱਖਣਾ ਚਾਹੁੰਦੀ ਸੀ।‌ ਪਰ ਅਖੀਰ ਗੁਰਦਿੱਤ ਸਿੰਘ ਨੇ ਹਾਂਗਕਾਂਗ ਦੀ ਅਦਾਲਤ ਤੋਂ ਜਹਾਜ਼ ਕੈਨੇਡਾ ਲਿਜਾਣ ਦੀ ਇਜਾਜ਼ਤ ਲੈ ਲਈ । 

PunjabKesari

4 ਅਪਰੈਲ 1914 ਨੂੰ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ 165 ਯਾਤਰੀਆਂ ਨੂੰ ਲੈਕੇ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ ਜਹਾਜ਼ ਨੇ ਆਪਣਾ ਸਮੁੰਦਰੀ ਸਫਰ ਹਾਂਗਕਾਂਗ ਤੋਂ ਸ਼ੁਰੂ ਕੀਤਾ, ਇਸ ਜਹਾਜ਼ ਦਾ ਨਾਮ ਬਦਲ ਕੇ ਹੁਣ ਗੁਰੂ ਨਾਨਕ ਜਹਾਜ਼ ਰੱਖ ਦਿੱਤਾ ਗਿਆ ਸੀ।‌ ਬਾਕੀ ਮੁਸਾਫਰ ਰਸਤੇ ਵਿੱਚ ਇਸ ਉਪਰ ਸਵਾਰ ਹੁੰਦੇ ਗਏ। ਅਖੀਰ ਕੁੱਲ ਯਾਤਰੀਆਂ ਦੀ ਗਿਣਤੀ 376 ਹੋ ਗਈ । ਇਹ ਸਾਰੇ ਪੰਜਾਬੀ ਸਨ, ਜਿਨ੍ਹਾਂ ਵਿੱਚੋਂ 340 ਸਿੱਖ ਬਾਕੀ ਦੇ 24 ਮੁਸਲਮਾਨ ਤੇ 12 ਹਿੰਦੂ ਸਨ । ਜਹਾਜ਼ 21 ਮਈ 1914 ਨੂੰ ਵੈਨਕੂਵਰ ਪਹੁੰਚਿਆਤੇ 23 ਮਈ 1914 ਨੂੰ ਵੈਨਕੂਵਰ ਦੇ ਬੁਰੈਅਡ ਇੰਨਟੈਲ ਵੱਲ ਵਧਿਆ ਜਿੱਥੇ ਇਸਨੇ ਆਪਣਾ ਸਫਰ ਮੁਕਾਉਣਾ ਸੀ । ਪਰ ਉਥੇ ਪਹੁੰਚਦੇ ਹੀ ਕੈਨੇਡਾ ਦੀ ਪੁਲਸ ਨੇ ਜਹਾਜ਼ ਦੁਆਲੇ ਆਪਣਾ ਜਾਲ ਪਾ ਦਿੱਤਾ ਅਤੇ ਕਿਸੇ ਵੀ ਯਾਤਰੀ ਨੂੰ ਜਹਾਜ਼ ਵਿਚੋਂ ਉਤਰਨ ਨਾ ਦਿੱਤਾ।

ਭਾਈ ਗੁਰਦਿੱਤ ਸਿੰਘ ਨੇ ਉਤਰਨ ਦੀ ਇਜਾਜ਼ਤ ਲੈਣ ਖਾਤਰ ਕੈਨੇਡਾ ਦੀ ਅੰਗਰੇਜ਼ੀ ਸਰਕਾਰ ਨੂੰ ਕਈ ਬੇਨਤੀਆਂ ਕੀਤੀਆਂ, ਕੈਨੇਡਾ ਤੇ ਭਾਰਤ ਵੱਸਦੇ ਸਿੱਖਾਂ ਨੂੰ ਮਦਦ ਦੀ ਗੁਹਾਹ ਲਾਈ ਪਰ ਕਿਸੇ ਕੰਮ ਨਾ ਆਈ। ਗੁਰਦਿੱਤ ਸਿੰਘ ਨੂੰ ਉਮੀਦ ਸੀ ਸਿੱਖਾਂ ਦੀਆਂ ਸਾਰਾਗੜੀ ਅਤੇ ਹੋਰ ਯੁੱਧਾਂ ਵਿੱਚ ਦਿਤੀਆਂ ਸੈਨਿਕ ਸੇਵਾਵਾਂ ਬਦਲੇ ਬਰਤਾਨਵੀ ਸਾਮਰਾਜ ਉਨ੍ਹਾਂ ਪ੍ਰਤੀ ਕੈਨੇਡਾ ਜਾਣ ਉਪਰ ਹਮਦਰਦੀ ਵਾਲਾ ਰਵਇਆ ਰੱਖੇਗਾ ਪਰ ਅਜਿਹਾ ਨਾ ਹੋਇਆ। 24 ਯਾਤਰੀਆਂ ਨੂੰ ਸ਼ਹਿਰੀਅਤ ਦੀ ਬਿਨਾਹ ਤੇ ਕੈਨੇਡਾ ਦੀ ਸਰਕਾਰ ਨੇ ਉਤਰਨ ਦੀ ਇਜਾਜ਼ਤ ਦੇ ਦਿੱਤੀ।‌ ਬਾਕੀ ਦੇ ਯਾਤਰੀ ਲਗਭਗ ਦੋ ਮਹੀਨੇ ਸਮੁੰਦਰੀ ਘਾਟ‌ ਉਪਰ ਖਜੱਲ ਹੋਣ ਤੋਂ ਬਾਅਦ ਰਸਦ ਦੀ ਥੁੜ ਦੇ ਚੱਲਦੀਆਂ ਗੁਰੂ ਨਾਨਕ ਜਹਾਜ਼ ਨੇ 23 ਜੁਲਾਈ 1914 ਨੂੰ ਵਾਪਸੀ ਲਈ ਰਵਾਨਗੀ ਕਰ ਦਿੱਤੀ।‌ ਅਖੀਰ ਜਹਾਜ਼ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ 27 ਸਤੰਬਰ 1914 ਨੂੰ ਕਲਕੱਤਾ ਦੀ ਬੱਜਬੱਜ ਘਾਟ‌ ਉਪਰ ਪੁਜਾ, ਜਿੱਥੇ ਅੰਗਰੇਜ਼ੀ ਸਰਕਾਰ ਨੇ ਯਾਤਰੀਆਂ ਉਪਰ ਉਤਰਦੇ ਸਾਰ ਗੋਲੀ ਵਰਾਹ ਦਿੱਤੀ, ਜਿਸ ਵਿੱਚ 19 ਯਾਤਰੀ ਮਾਰੇ ਗਏ ਅਤੇ ਕਈ ਜ਼ਖਮੀ ਹੋਏ।‌ ਭਾਈ ਗੁਰਦਿੱਤ ਸਿੰਘ ਆਪਣੇ ਸਾਥੀਆਂ ਸਮੇਤ ਉਥੋਂ ਨਿਕਲਣ ਵਿੱਚ ਕਾਮਯਾਬ ਹੋ ਗਏ। ਕਈ ਸਾਲ ਬਾਅਦ ਉਨ੍ਹਾਂ ਉਪਰ ਮੁਕਦਮਾ ਚੱਲ ਕਿ ਪੰਜ ਸਾਲ ਕੈਦ ਦੀ ਸਜ਼ਾ ਹੋਈ । ਇਸ ਘਟਨਾ ਕਰਕੇ ਕੈਨੇਡਾ ਦੀ ਅੰਗਰੇਜ਼ੀ ਸਰਕਾਰ ਦੀ ਬੁਹਤ ਨਿਖੇਧੀ ਹੋਈ ਅਤੇ ਉਸਦਾ ਪੰਜਾਬੀਆਂ ਅਤੇ ਸਿੱਖਾਂ ਪ੍ਰਤੀ ਰੱਖਿਆ ਜਾਂਦਾ ਕਰੂਰ ਚਹਿਰਾ ਨੰਗਾ ਹੋ ਗਿਆ।

PunjabKesari

ਅੱਜ ਕਾਮਾਗਾਟਾਮਾਰੂ ਸਾਕੇ ਦੀ 107 ਵੀਂ ਬਰਸੀ ਸਮੇਂ ਕੈਨੇਡਾ ਵਿੱਚ ਇਕ ਹਸਦਾ ਵੱਸਦਾ ਪੰਜਾਬ ਹੈ । ਕੈਨੇਡਾ ਦੀ ਸੰਸਦ ਵਿੱਚ 15 ਪੰਜਾਬੀ ਸੰਸਦ ਮੈਂਬਰ ਹਨ, ਜਿੰਨਾਂ ਵਿੱਚੋਂ ਹਰਜੀਤ ਸਿੰਘ ਸੱਜਣ  ਵਰਗੇ ਕੈਨੇਡੀਅਨ ਕੈਬਿਨੇਟ ਦਾ ਹਿੱਸਾ ਹਨ, ਜੋ ਨਿਰਸੰਦੇਹ ਪੰਜਾਬੀਆਂ ਲਈ ਮਾਣਮੱਤੀ ਉਪਲੱਬਧੀ ਹੈ ਪਰ ਇਸ ਪਿੱਛੇ ਸਾਡੇ ਵਡਾਰੂਆਂ ਵੱਲੋਂ ਕੀਤੇ ਅਣਖਿਝ ਤੇ ਅਣਥੱਕ ਸੰਘਰਸ਼ ਦੀ ਜਮਾ ਪੂੰਜੀ ਲੱਗੀ ਹੋਈ ਹੈ, ਜਿਸਨੂੰ ਸਾਨੂੰ ਹਮੇਸ਼ਾ ਚੇਤੇ ਰੱਖਦਿਆਂ ਭਵਿੱਖ‌ ਲਈ ਸੇਧ ਲੈਣੀ ਚਾਹੀਦੀ ਹੈ। ਬਜ਼ੁਰਗਾਂ ਦੇ ਸੰਘਰਸ਼ ਅਤੇ ਸਾਡੀ ਮੇਹਨਤ‌ ਸਦਕਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ਵਿੱਚ ਸਾਕੇ ਤੋਂ 102 ਸਾਲ ਬਆਦ‌ 19 ਮਈ 2016 ਨੂੰ ਕਾਮਾਗਾਟਾਮਾਰੂ ਦੀ ਮੁਆਫੀ ਮੰਗਦਿਆਂ ਆਖਿਆ ਸੀ ਕਿ

"ਕੋਈ ਸ਼ਬਦ ਉਨ੍ਹਾਂ ਯਾਤਰੀਆਂ ਵੱਲੋਂ ਝੱਲੀ ਪੀੜ ਅਤੇ ਜੁਲਮ ਨੂੰ ਨਹੀ ਮਿਟਾਅ ਸਕਦੇ ।" ਟਰੂਡੋ ਦੇ ਕਹੇ ਇਹ ਸ਼ਬਦ ਆਪਣੇ ਆਪ ਵਿੱਚ ਹੀ ਸਾਡੇ ਬਜ਼ੁਰਗਾਂ ਵੱਲੋਂ ਕੀਤੀਆਂ ਘਾਲਣਾਵਾਂ ਦੀ ਪ੍ਰਤੱਖ ਸ਼ਹਾਦਤ ਹਨ, ਜਿਸਨੂੰ ਸਾਡਾ ਨਮਨ ਕਰਨਾ ਬਣਦਾ ਹੈ ।

ਆਮੀਨ ।

ਸਰੋਤ : ਕਾਰਤਿਕ ਵੈਂਕਟੇਸ਼ ਦੀ ਲਿਖਤ ਅਤੇ ਇੰਟਰਨੈੱਟ ਤੋਂ ਪ੍ਰਾਪਤ ਹੋਰ ਖੋਜ ਸਮਗਰੀ !!


rajwinder kaur

Content Editor

Related News