24 ਲੱਖ ਰਿਸ਼ਵਤਕਾਂਡ ''ਚ SDM ਨੂੰ ਵੀ ਕੀਤਾ ਗਿਆ ਨਾਮਜ਼ਦ
Wednesday, Nov 12, 2025 - 05:43 PM (IST)
ਹਲਵਾਰਾ (ਲਾਡੀ)- ਰਾਏਕੋਟ ਦੇ ਬਹੁਚਰਚਿਤ 24 ਲੱਖ ਰੁਪਏ ਰਿਸ਼ਵਤਕਾਂਡ ਵਿਚ ਵੱਡਾ ਮੋੜ ਆਇਆ ਹੈ। ਹਾਈ ਕੋਰਟ ਵੱਲੋਂ ਸਖ਼ਤ ਟਿੱਪਣੀਆਂ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਤਤਕਾਲੀਨ ਐੱਸ. ਡੀ. ਐੱਮ. ਗੁਰਬੀਰ ਸਿੰਘ ਕੋਹਲੀ ਨੂੰ ਕੇਸ ਵਿਚ ਆਧਿਕਾਰਤ ਤੌਰ ’ਤੇ ਨਾਮਜ਼ਦ ਕਰ ਲਿਆ ਹੈ।
ਇਹ ਮਾਮਲਾ ਉਸ ਸਮੇਂ ਸੁਰਖੀਆਂ ਵਿਚ ਆਇਆ ਸੀ, ਜਦੋਂ ਇਸ ਸਾਲ 12 ਜੂਨ ਨੂੰ ਰਾਏਕੋਟ ਐੱਸ. ਡੀ. ਐੱਮ. ਦਫ਼ਤਰ ਦੀ ਅਲਮਾਰੀ ਵਿਚੋਂ 24 ਲੱਖ 6 ਹਜ਼ਾਰ ਰੁਪਏ ਬਰਾਮਦ ਹੋਏ ਸਨ ਅਤੇ ਐੱਸ. ਡੀ. ਐੱਮ. ਦੇ ਸਟੈਨੋ ਜਤਿੰਦਰ ਸਿੰਘ ਨੀਟਾ ਨੂਰਪੁਰਾ ਨੂੰ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਕੇਸ 5 ਮਹੀਨੇ ਵਿਜੀਲੈਂਸ ਕੋਲ ਪੈਂਡਿੰਗ ਰਿਹਾ। ਐੱਸ. ਡੀ. ਐੱਮ. ਨੂੰ ਨਾਮਜ਼ਦ ਨਾ ਕਰਨ ਦੇ ਵਿਰੋਧ ਵਿਚ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਨਿੱਜੀ ਸੈਕਟਰੀ ਅਤੇ ਸ਼ਿਕਾਇਤਕਰਤਾ ਕਰਮਜੀਤ ਸਿੰਘ ਕਮਲ ਸੁਖਾਣਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ।
ਹਾਈ ਕੋਰਟ ਦੇ ਜਸਟਿਸ ਸੁਵੀਰ ਸਹਿਗਲ ਵਲੋਂ ਵਿਜੀਲੈਂਸ ਨੂੰ ਫਟਕਾਰ ਲਾਉਣ ਤੋਂ ਬਾਅਦ ਜਾਂਚ ਅਧਿਕਾਰੀ ਡੀ. ਐੱਸ. ਪੀ. ਸ਼ਿਵਚੰਦ ਨੇ ਅਦਾਲਤ ਨੂੰ ਦੱਸਿਆ ਕਿ 24 ਅਕਤੂਬਰ ਨੂੰ ਕੋਹਲੀ ਨੂੰ ਮਾਮਲੇ ਵਿਚ ਨਾਮਜ਼ਦ ਕਰ ਦਿੱਤਾ ਗਿਆ ਹੈ।
