ਪੁਲਸ ਮੁਲਾਜ਼ਮ ਦੀ ਰਿਪੋਰਟ ਵੇਖ ਡਾਕਟਰਾਂ ਦੇ ਉੱਡੇ ਹੋਸ਼, ਖ਼ੁਦ ਵੀ ਹੋਇਆ ਮੌਕੇ ਤੋਂ ਫ਼ਰਾਰ
Monday, Sep 28, 2020 - 09:51 AM (IST)

ਅੰਮ੍ਰਿਤਸਰ (ਦਲਜੀਤ) : ਪੰਜਾਬ ਪੁਲਸ 'ਚ ਵੀ ਕੁਝ ਕਰਮਚਾਰੀ ਡੋਪ ਟੈਸਟ ਵਿਚ ਠੀਕ ਰਿਪੋਰਟ ਲੈਣ ਲਈ ਗਲਤ ਹੱਥਕੰਡੇ ਅਪਣਾ ਰਹੇ ਹਨ। ਪੁਲਸ ਦਾ ਇਕ ਮੁਲਾਜ਼ਮ ਤਾਂ ਅਜਿਹਾ ਨਿਕਲਿਆ ਕਿ ਉਹ ਟੈਸਟ ਦੀ ਜਾਅਲੀ ਰਿਪੋਰਟ ਬਣਾ ਕੇ ਮੈਡੀਕਲ ਕਰਵਾਉਣ ਸਿਵਲ ਹਸਪਤਾਲ ਪਹੁੰਚ ਗਿਆ। ਡਾਕਟਰਾਂ ਵੱਲੋਂ ਜਦੋਂ ਸ਼ੱਕ ਪੈਣ 'ਤੇ ਛਾਣਬੀਣ ਕੀਤੀ ਗਈ ਤਾਂ ਰਿਪੋਰਟ ਜਾਅਲੀ ਪਾਏ ਜਾਣ 'ਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਹਸਪਤਾਲ ਦੇ ਇੰਚਾਰਜ ਵਲੋਂ ਸਰਕਾਰੀ ਤੰਤਰ ਨਾਲ ਧੋਖਾਦੇਹੀ ਕਰਨ 'ਤੇ ਡਿਪਟੀ ਕਮਿਸ਼ਨਰ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਅਸਲਾ ਲਾਇਸੈਂਸ ਧਾਰਕਾਂ ਅਤੇ ਨਵੀਆਂ ਅਰਜ਼ੀਆਂ ਲਈ ਡੋਪ ਟੈਸਟ ਲਾਜ਼ਮੀ ਕੀਤਾ ਹੈ। ਇਸ ਲਈ ਬਿਨੈਕਾਰ ਦਾ ਬਕਾਇਦਾ ਯੂਰਨ ਸੈਂਪਲ ਲੈ ਕੇ ਟੈਸਟ ਕੀਤਾ ਜਾਂਦਾ ਹੈ । ਇਸ ਪੁਲਸ ਮੁਲਾਜ਼ਮ ਨੇ ਡੋਪ ਟੈਸਟ ਨਹੀਂ ਕਰਵਾਇਆ ਪਰ ਕੰਪਿਊਟਰ ਰਾਹੀਂ ਜਾਅਲੀ ਰਿਪੋਰਟ ਕਢਵਾ ਲਈ, ਜੋ ਕਿ ਬਿਲਕੁਲ ਸਰਕਾਰੀ ਰਿਪੋਰਟ ਵਰਗੀ ਸੀ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਲੈਟਰਪੈਡ 'ਤੇ ਮੁਲਾਜ਼ਮ ਦੀ ਤਸਵੀਰ ਲੱਗੀ ਸੀ। ਡੋਪ ਟੈਸਟ ਨੈਗੇਟਿਵ ਦੱਸਿਆ ਗਿਆ ਸੀ ਅਤੇ ਹੇਠਾਂ ਸਿਵਲ ਹਸਪਤਾਲ ਦੇ ਪੈਥੋਲਾਜਿਸਟ ਦੀ ਮੋਹਰ ਅਤੇ ਦਸਤਖਤ ਸਨ । ਸਭ ਕੁਝ ਅਸਲੀ ਵਰਗਾ ਹੀ ਸੀ ਪਰ ਪੈਥੋਲਾਜਿਸਟ ਦੇ ਦਸਤਖਤ ਵੱਖਰੇ ਸਨ। ਰਿਪੋਰਟ 'ਤੇ ਓ. ਪੀ. ਡੀ. ਨੰਬਰ ਵੀ ਗਲਤ ਦਰਜ ਕੀਤਾ ਗਿਆ ਸੀ । ਇਹ ਰਿਪੋਰਟ ਕਿਸੇ ਕੰਪਿਊਟਰ ਸੈਂਟਰ ਤੋਂ ਤਿਆਰ ਕਰਵਾਈ ਗਈ ਸੀ ।
ਮੁਲਾਜ਼ਮ ਦੀ ਇਹ ਚਲਾਕੀ ਕਦੇ ਫੜੀ ਹੀ ਨਾ ਜਾਂਦੀ, ਜੇਕਰ ਸਿਵਲ ਹਸਪਤਾਲ 'ਚ ਡੋਪ ਟੈਸਟ ਦੀ ਪ੍ਰਕਿਰਿਆ ਬੰਦ ਨਾ ਕੀਤੀ ਗਈ ਹੁੰਦੀ। ਅਸਲ 'ਚ ਟੈਸਟਿੰਗ ਕਿੱਟਾਂ ਖ਼ਤਮ ਹੋਣ ਕਾਰਣ ਸਿਵਲ ਹਸਪਤਾਲ 'ਚ ਇਕ ਮਹੀਨੇ ਤੋਂ ਡੋਪ ਟੈਸਟ ਨਹੀਂ ਹੋ ਰਹੇ । ਇਹ ਮੁਲਾਜ਼ਮ ਜਦੋਂ ਡੋਪ ਟੈਸਟ ਦੀ ਫਰਜ਼ੀ ਰਿਪੋਰਟ ਲੈ ਕੇ ਸਿਵਲ ਹਸਪਤਾਲ 'ਚ ਅੱਖ ਰੋਗਾਂ ਦੇ ਮਾਹਿਰ ਰਾਕੇਸ਼ ਸ਼ਰਮਾ ਕੋਲ ਮੈਡੀਕਲ ਫਿਟਨੈੱਸ ਸਰਟੀਫਿਕੇਟ ਲੈਣ ਗਿਆ ਤਾਂ ਸ਼ਰਮਾ ਨੇ ਡੋਪ ਟੈਸਟ ਰਿਪੋਰਟ ਬਾਰੇ ਪੁੱਛਿਆ । ਮੁਲਾਜ਼ਮ ਨੇ ਰਿਪੋਰਟ ਕੱਢੀ ਅਤੇ ਟੇਬਲ 'ਤੇ ਰੱਖ ਦਿੱਤੀ। ਡਾਕਟਰ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਪੁੱਛਿਆ ਕਿ ਸਿਵਲ ਹਸਪਤਾਲ 'ਚ ਤਾਂ ਟੈਸਟ ਹੋ ਨਹੀਂ ਰਹੇ, ਤੂੰ ਰਿਪੋਰਟ ਕਿੱਥੋਂ ਲੈ ਆਇਆ ਏ? ਇਸ 'ਤੇ ਮੁਲਾਜ਼ਮ ਨੇ ਬੜੀ ਬੇਪ੍ਰਵਾਹੀ ਨਾਲ ਜਵਾਬ ਦਿੱਤਾ, ਬਸ ਬਣਵਾ ਲਈ ਕਿਤਿਓਂ । ਇਹ ਸੁਣ ਕੇ ਡਾਕਟਰ ਨੇ ਉਸ ਨੂੰ ਕਾਫੀ ਝਾੜਿਆ ਅਤੇ ਹਸਪਤਾਲ ਦੇ ਐੱਸ. ਐੱਮ. ਓ. ਡਾ. ਚਰਨਜੀਤ ਸਿੰਘ ਨੂੰ ਜਾਣਕਾਰੀ ਦਿੱਤੀ ਪਰ ਇਹ ਮੁਲਾਜ਼ਮ ਡੋਪ ਟੈਸਟ ਦੀ ਰਿਪੋਰਟ ਟੇਬਲ 'ਤੇ ਹੀ ਛੱਡ ਕੇ ਰਫੂਚੱਕਰ ਹੋ ਲਿਆ ।
ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਲੈਬ ਟੈਕਨੀਸ਼ੀਅਨ ਰਾਜੇਸ਼ ਸ਼ਰਮਾ ਅਨੁਸਾਰ ਇਹ ਮੁਲਾਜ਼ਮ ਨਸ਼ਾ ਕਰਨ ਦਾ ਆਦੀ ਸੀ । ਉਸਨੇ ਜਾਅਲੀ ਮੋਹਰ ਲਾਈ ਸੀ ਅਤੇ ਸ਼ਾਇਦ ਦਸਤਖਤ ਆਪ ਕੀਤੇ ਸਨ । ਇਸ ਘਪਲੇ ਨੂੰ ਰੋਕਣ ਲਈ ਇਹ ਜ਼ਰੂਰੀ ਹੈ ਕਿ ਡੋਪ ਟੈਸਟ ਦੀ ਪ੍ਰਕਿਰਿਆ ਆਨਲਾਈਨ ਹੋਣੀ ਚਾਹੀਦੀ ਹੈ । ਫਿਲਹਾਲ ਇਹ ਕੰਮ ਮੈਨੂਅਲ ਹੋ ਰਿਹਾ ਹੈ । ਇਸਦਾ ਨਤੀਜ਼ਾ ਇਹ ਹੈ ਕਿ ਕੋਈ ਵੀ ਵਿਅਕਤੀ ਕੰਪਿਊਟਰ ਤੋਂ ਪ੍ਰਿੰਟ ਕੱਢ ਕੇ ਫਰਜ਼ੀ ਰਿਪੋਰਟ ਤਿਆਰ ਕਰ ਸਕਦਾ ਹੈ । ਇਹ ਜਾਣਕਾਰੀ ਮਿਲੀ ਹੈ ਕਿ ਹਜ਼ਾਰਾਂ ਫਰਜ਼ੀ ਰਿਪੋਰਟਾਂ ਤਿਆਰ ਹੋ ਚੁੱਕੀਆਂ ਹਨ ਪਰ ਡੀ. ਸੀ. ਦਫਤਰ ਤੋਂ ਸਾਰੀਆਂ ਰਿਪੋਰਟਾਂ ਦੀ ਤਸਕੀਦ ਸਾਡੇ ਤੋਂ ਨਹੀਂ ਕਰਵਾਈ ਜਾ ਰਹੀ ।
ਡੀ. ਸੀ. ਪੀ. ਅਤੇ ਐੱਸ. ਐੱਚ. ਓ. ਨੂੰ ਕਾਰਵਾਈ ਲਈ ਲਿਖਿਆ : ਐੱਸ. ਐੱਮ. ਓ.
ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਥਾਣਾ ਰਾਮਬਾਗ ਪੁਲਸ ਦ ਐੱਸ. ਐੱਚ. ਓ. ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਹੈ। ਨਾਲ ਹੀ ਡੀ. ਸੀ. ਪੀ. ਨੂੰ ਵੀ ਲਿਖਿਆ ਗਿਆ ਹੈ । ਜਾਅਲੀ ਰਿਪੋਰਟ ਤਿਆਰ ਕਰਨ ਵਾਲੇ ਮੁਲਾਜ਼ਮ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ ।