ਉਮਰ ਕੈਦ ਦੀ ਸਜ਼ਾ ਕੱਟ ਰਿਹਾ ਕੈਦੀ ਪੈਰੋਲ ਤੋਂ ਬਾਅਦ ਫ਼ਰਾਰ, ਤਿੰਨ ਮਹੀਨੇ ਦੀ ਸਜ਼ਾ ਸੁਣਾਈ
Tuesday, Nov 25, 2025 - 12:30 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ 24 ਸਾਲ ਪੁਰਾਣੇ ਕਤਲ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟਣ ਦੇ ਦੌਰਾਨ ਪੈਰੋਲ ਮਿਲਣ ਤੋਂ ਬਾਅਦ ਫ਼ਰਾਰ ਹੋਏ ਕੈਦੀ ਇੰਦਰਜੀਤ ਸਿੰਘ ਉਰਫ਼ ਲਾਲੀ ਨੂੰ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਾਤਲ ਇੰਦਰਜੀਤ ਸਿੰਘ ਨੂੰ ਪੈਰੋਲ ਦੀ ਦੁਰਵਰਤੋਂ ਕਰਨ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਸਾਲ 2001 ’ਚ ਹੋਏ ਕਤਲ ਦੇ ਇਕ ਮਾਮਲੇ ’ਚ ਸਾਲ 2003 ’ਚ ਇੰਦਰਜੀਤ ਸਿੰਘ ਤੇ ਰੋਹਿਤ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਸੀ। ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਕੱਟਣ ਦੌਰਾਨ 19 ਜੁਲਾਈ 2024 ਨੂੰ ਦੋਸ਼ੀ ਇੰਦਰਜੀਤ 28 ਦਿਨ ਦੀ ਪੈਰੋਲ ’ਤੇ ਜੇਲ ਤੋਂ ਬਾਹਰ ਆਇਆ ਸੀ। ਪੈਰੋਲ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਉਹ 17 ਅਗਸਤ 2024 ਤੱਕ ਨਹੀਂ ਪਰਤਿਆ। ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ। ਉੱਥੇ ਹੀ ਜੇਲ ਪ੍ਰਸ਼ਾਸਨ ਵੱਲੋਂ ਥਾਣੇ ’ਚ ਦੋਸ਼ੀ ਇੰਦਰਜੀਤ ਸਿੰਘ ਦੇ ਖ਼ਿਲਾਫ਼ ਪੰਜਾਬ ਗੁਡ ਕੰਡਕਟ ਟੈਂਪਰੇਰੀ ਰਿਲੀਜ਼ ਐਕਟ 1962 ਦੇ ਤਹਿਤ ਕੇਸ ਦਰਜ ਕਰਵਾਇਆ ਗਿਆ ਸੀ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਿਆ ਸੀ ਕਿ ਉਹ ਕਿਸੇ ਹੋਰ ਮਾਮਲੇ ’ਚ ਫੜ੍ਹਿਆ ਗਿਆ ਹੈ ਤੇ ਸੈਂਟਰਲ ਜੇਲ੍ਹ ਅੰਬਾਲਾ ’ਚ ਬੰਦ ਹੈ। ਅਜਿਹੇ ’ਚ ਪੁਲਸ ਨੇ ਅੰਬਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਤੇ ਉਸ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕੀਤੀ।
ਅਦਾਲਤ ਨੇ ਕਿਹਾ- ਪੈਰੋਲ ਦੀ ਦੁਰਵਰਤੋਂ ਸਮਾਜ ਦੇ ਲਈ ਗੰਭੀਰ ਖ਼ਤਰਾ ਹੈ
ਮੁਕੱਦਮੇ ਦੇ ਦੌਰਾਨ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਤਿੰਨ ਮਹੀਨੇ ਦੀ ਸਜ਼ਾ ਸੁਣਾਈ। ਫ਼ੈਸਲੇ ’ਚ ਅਦਾਲਤ ਨੇ ਕਿਹਾ ਕਿ ਪੈਰੋਲ ਦੀ ਦੁਰਵਰਤੋਂ ਸਮਾਜ ਦੇ ਲਈ ਗੰਭੀਰ ਖ਼ਤਰਾ ਹੈ। ਦਾਇਰ ਮਾਮਲੇ ਦੇ ਤਹਿਤ ਸਜ਼ਾ ਵਾਲਾ ਦੋਸ਼ੀ ਇੰਦਰਜੀਤ ਨੂੰ ਫਰਵਰੀ 2001 ’ਚ ਸਾਥੀ ਰੋਹਿਤ ਮੱਕੜ ਨਾਲ ਮਿਲ ਕੇ ਸੈਕਟਰ-44 ਨਿਵਾਸੀ 55 ਸਾਲਾ ਹਰਵਿੰਦਰ ਸਿੰਘ ਬਰਾੜ ਦਾ ਉਨ੍ਹਾਂ ਦੇ ਘਰਵਿਚ ਵੜ ਕੇ ਕਤਲ ਕਰ ਦਿੱਤਾ ਸੀ। ਪੁਲਸ ਨੇ ਜਾਂਚ ਦੇ ਦੌਰਾਨ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦੋ ਸਾਲ ਚੱਲੇ ਮੁਕੱਦਮੇ ਤੋਂ ਬਾਅਦ 2003 ’ਚ ਇੰਦਰਜੀਤ ਅਤੇ ਰੋਹਿਤ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਸੀ।
