ਪੰਜਾਬ ਪੁਲਸ ਦੇ ਮੁਲਾਜ਼ਮ ਦੀ ਪਤਨੀ ਨਾਲ ਹੀ ਹੋ ਗਿਆ ਕਾਂਡ!
Sunday, Nov 23, 2025 - 02:10 PM (IST)
ਜਗਰਾਓਂ (ਚਾਹਲ): ਬੇਖੌਫ ਲੁਟੇਰਿਆਂ ਨੇ ਦਿਨ ਦਿਹਾੜੇ ਇਕ ਪੁਲਸ ਮੁਲਾਜ਼ਮ ਦੀ ਪਤਨੀ ਕੋਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਜਾਣਕਾਰੀ ਅਨੁਸਾਰ ਸੜਕ ਸੁਰੱਖਿਆ ਫੋਰਸ ਵਿਚ ਤਾਇਨਾਤ ਏ.ਐੱਸ.ਆਈ. ਹਰਜੀਤ ਸਿੰਘ ਦੀ ਪਤਨੀ ਕਰਮਜੀਤ ਕੌਰ ਵਾਸੀ ਕੋਕਰੀ ਕਲਾਂ ਕੋਲੋਂ ਸ਼ੇਰਪੁਰਾ ਫਾਟਕਾਂ ਕੋਲ ਲੁੱਟ ਖੋਹ ਕੀਤੀ ਗਈ ਹੈ।
ਮੌਕੇ 'ਤੇ ਪਹੁੰਚੇ ਏ.ਐੱਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਹੈ ਤੇ ਉਸੇ ਦੀ ਸ਼ਾਪਿੰਗ ਲਈ ਮਾਵਾਂ-ਧੀਆਂ ਜਗਰਾਓਂ ਆਈਆਂ ਸਨ। ਸ਼ੇਰਪੁਰ ਰੋਡ ਫਾਟਕ ਨੇੜੇ ਦੋ ਬਾਈਕ ਸਵਾਰਾਂ ਨੇ ਉਨ੍ਹਾਂ ਦੀ ਪਤਨੀ ਕੋਲ ਫੜ੍ਹਿਆ ਬੈਗ ਖੋਹ ਲਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਲੁਟੇਰੇ ਬੈਗ ਖੋਹ ਰਹੇ ਸਨ ਤਾਂ ਔਰਤ ਵੱਲੋਂ ਵੀ ਕਾਫੀ ਜੱਦੋ-ਜਹਿਦ ਕੀਤੀ ਗਈ, ਜਿਸ ਕਾਰਨ ਲੁਟੇਰੇ ਵੀ ਆਪਣੀ ਮੋਟਰਸਾਈਕਲ ਤੋਂ ਡਿੱਗ ਗਏ। ਪਰ ਇਸ ਦੇ ਬਾਵਜੂਦ ਉਹ ਬੈਗ ਲੈ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਏ।
ਇਸ ਸਬੰਧੀ ਬੱਸ ਅੱਡਾ ਚੌਂਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਜੋ ਬੈਗ ਦੀ ਲੁੱਟ ਕੀਤੀ ਗਈ ਹੈ, ਉਸ ਵਿੱਚ ਦੋ ਮੋਬਾਈਲ ਅਤੇ 10 ਹਜ਼ਾਰ ਰੁਪਏ ਸਨ। ਦੋਸ਼ੀਆਂ ਬਾਰੇ ਕੁਝ ਸੁਰਾਗ ਮਿਲੇ ਹਨ ਤੇ ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
