ਪੰਜਾਬ ਪੁਲਸ ਦੇ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ! ਬਰਮਾਲਾ ਚੈੱਕ ਪੋਸਟ ''ਤੇ ਸੀ ਤਾਇਨਾਤ
Sunday, Nov 23, 2025 - 05:40 PM (IST)
ਰੂਪਨਗਰ: ਪੰਜਾਬ ਪੁਲਸ ਦੇ ASI ਅਮਰ ਸਿੰਘ ਦੀ ਆਪਣੀ ਹੀ ਸਰਵਿਸ ਰਿਵਾਲਵਰ ਤੋਂ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ ਹੈ। ਇਹ ਘਟਨਾ ਅੱਜ ਸਵੇਰੇ ਕਰੀਬ 5 ਵਜੇ ਦੀ ਦੱਸੀ ਜਾ ਰਹੀ ਹੈ। ASI ਅਮਰ ਸਿੰਘ ਰੋਪੜ ਦੀ ਬਰਮਾਲਾ ਚੈੱਕ ਪੋਸਟ 'ਤੇ ਤਾਇਨਾਤ ਸਨ।
ਜਾਣਕਾਰੀ ਅਨੁਸਾਰ ASI ਅਮਰ ਸਿੰਘ ਆਪਣੀ ਪਿਸਤੌਲ ਸਾਫ਼ ਕਰ ਰਹੇ ਸਨ ਤੇ ਇਸ ਦੌਰਾਨ ਅਚਾਨਕ ਗੋਲ਼ੀ ਚੱਲ ਗਈ। ਗੋਲ਼ੀ ਉਨ੍ਹਾਂ ਦੇ ਸਿਰ ਵਿਚ ਜਾ ਲੱਗੀ, ਜਿਸ ਕਾਰਨ ਮੌਕੇ 'ਤੇ ਹੀ ਉਨ੍ਹਾਂ ਦੀ ਜਾਨ ਚਲੀ ਗਈ। ਨੰਗਲ ਦੇ ਡੀ.ਐੱਸ.ਪੀ. ਹਰਕਿਰਤ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ 'ਐਕਸੀਡੈਂਟਲ ਫਾਇਰਿੰਗ' ਦਾ ਮਾਮਲਾ ਜਾਪਦਾ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਘਟਨਾ ਸਮੇਂ ਉਹ ਡਿਊਟੀ ਪੁਆਇੰਟ 'ਤੇ ਇਕੱਲੇ ਸਨ। ਫ਼ਿਲਹਾਲ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ.ਐੱਸ.ਪੀ. ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਕਿਸੇ ਨਤੀਜੇ 'ਤੇ ਪਹੁੰਚਿਆ ਜਾ ਸਕੇਗਾ। ਸ਼ੁਰੂਆਤੀ ਜਾਂਚ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।
ਏ.ਐੱਸ.ਆਈ. ਅਮਰ ਸਿੰਘ ਪਹਿਲਾਂ ਨੰਗਲ ਥਾਣੇ ਵਿਚ ਤਾਇਨਾਤ ਸਨ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਤਾਇਨਾਤੀ ਬਰਮਾਲਾ ਚੈੱਕ ਪੋਸਟ 'ਤੇ ਕੀਤੀ ਗਈ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਅਤੇ ਦੋ ਬੱਚੇ ਹਨ। ਉਨ੍ਹਾਂ ਦਾ ਇਕ ਬੇਟਾ ਆਸਟ੍ਰੇਲੀਆ ਵਿਚ ਰਹਿੰਦਾ ਹੈ, ਜਦਕਿ ਪਤਨੀ ਅਤੇ ਦੂਜਾ ਬੇਟਾ ਨੰਗਲ ਦੀ ਪ੍ਰੀਤ ਕਾਲੋਨੀ ਵਿਚ ਰਹਿੰਦੇ ਹਨ।
