ਏਅਰਪੋਰਟ ''ਤੇ ਐੱਨ. ਐੱਸ. ਜੀ. ਦੇ ਕਮਾਂਡੋ ਤੋਂ 10 ਲੱਖ ਦੀ ਕਰੰਸੀ ਬਰਾਮਦ

Saturday, Mar 30, 2019 - 09:03 AM (IST)

ਏਅਰਪੋਰਟ ''ਤੇ ਐੱਨ. ਐੱਸ. ਜੀ. ਦੇ ਕਮਾਂਡੋ ਤੋਂ 10 ਲੱਖ ਦੀ ਕਰੰਸੀ ਬਰਾਮਦ

ਅੰਮ੍ਰਿਤਸਰ (ਇੰਦਰਜੀਤ) : ਅੰਮ੍ਰਿਤਸਰ ਏਅਰਪੋਰਟ 'ਤੇ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਨੇ ਐੱਨ. ਐੱਸ. ਜੀ. ਦੇ ਕਮਾਂਡੋ ਤੋਂ 17 ਲੱਖ ਦੀ ਕਰੰਸੀ ਬਰਾਮਦ ਕੀਤੀ। ਫੌਜੀ ਦੀ ਪਛਾਣ ਸਰਬਜੀਤ ਸਿੰਘ ਦੇ ਰੂਪ 'ਚ ਹੋਈ ਹੈ। ਫੌਜੀ ਕੋਲੋਂ ਨਿੱਜੀ ਤੌਰ 'ਤੇ 10 ਲੱਖ ਰੁਪਏ ਬਰਾਮਦ ਕੀਤੇ ਗਏ, ਜਦੋਂ ਕਿ ਉਸ ਦੇ ਇਕ ਹੋਰ ਸਾਥੀ ਤੋਂ ਦਿੱਲੀ ਏਅਰਪੋਰਟ 'ਤੇ 7 ਲੱਖ ਰੁਪਏ ਦੀ ਬਰਾਮਦਗੀ ਹੋਈ।

ਜਾਣਕਾਰੀ ਮੁਤਾਬਕ ਇੰਡੀਗੋ ਏਅਰਲਾਈਨਸ ਦੀ ਉਡਾਣ ਅੱਜ ਸਵੇਰੇ 7 ਵਜੇ ਦਿੱਲੀ ਰਵਾਨਾ ਹੋਣ ਵਾਲੀ ਸੀ, ਇਸ ਦਾ ਦਿੱਲੀ ਪੁੱਜਣ ਦਾ ਸਮਾਂ 7:50 ਹੈ। ਇਸ ਦੌਰਾਨ ਏਅਰਪੋਰਟ 'ਤੇ ਤਾਇਨਾਤ ਸੀ. ਆਈ. ਐੱਸ. ਐੱਫ. ਦੇ ਅਧਿਕਾਰੀਆਂ ਨੂੰ ਇਕ ਵਿਅਕਤੀ ਸ਼ੱਕੀ ਹਾਲਤ 'ਚ ਦਿਖਾਈ ਦਿੱਤਾ, ਜਿਸ ਨੂੰ ਪੁੱਛਗਿੱਛ ਕਰਨ 'ਤੇ ਉਸ ਨੇ ਆਪਣੀ ਪਛਾਣ ਆਈ. ਐੱਨ. ਐੱਸ. ਕਮਾਂਡੋ ਦੇ ਰੂਪ 'ਚ ਦਿੱਤੀ। ਪਛਾਣ ਪੱਤਰ ਦੇਖਣ 'ਤੇ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਨੂੰ 2 ਵੱਖ-ਵੱਖ ਤਸਵੀਰਾਂ 'ਚ ਕੁਝ ਅੰਤਰ ਦਿਖਾਈ ਦਿੱਤਾ। ਜਵਾਨਾਂ ਨੇ ਜਦੋਂ ਉਕਤ ਵਿਅਕਤੀ ਤੋਂ ਹੋਰ ਪੁੱਛਗਿੱਛ ਕੀਤੀ ਤਾਂ ਉਹ ਆਪਣੇ ਕੰਪਨੀ ਕਮਾਂਡਰ ਆਦਿ ਦਾ ਨਾਂ ਨਾ ਦੱਸ ਸਕਿਆ। ਇਸ 'ਤੇ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਨੂੰ ਮਹਿਸੂਸ ਹੋਇਆ ਕਿ ਫੌਜੀ ਆਪਣੀ ਪਛਾਣ ਛੁਪਾ ਰਿਹਾ ਹੈ। ਉਨ੍ਹਾਂ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਬੈਗ 'ਚੋਂ ਭਾਰਤੀ ਕਰੰਸੀ ਦੇ ਬੰਡਲ ਦਿਖਾਈ ਦਿੱਤੇ।

ਫੌਜੀ ਤੋਂ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਸ ਕੋਲ 17 ਲੱਖ ਰੁਪਏ ਹਨ ਪਰ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਨੇ ਜਦੋਂ ਬੈਗ 'ਚੋਂ ਬੰਡਲ ਗਿਣੇ ਤਾਂ ਉਸ ਵਿਚੋਂ 10 ਲੱਖ ਰੁਪਏ ਨਿਕਲੇ। ਇਸ 'ਤੇ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਦਾ ਸ਼ੱਕ ਹੋਰ ਵੱਧ ਗਿਆ। ਜਦੋਂ ਉਨ੍ਹਾਂ ਨੇ ਫੌਜੀ ਤੋਂ ਦੁਬਾਰਾ ਪੁੱਛਗਿੱਛ ਕੀਤੀ ਤਾਂ ਉਕਤ ਫੌਜੀ ਨੇ ਦੱਸਿਆ ਕਿ ਉਸ ਦਾ ਇਕ ਰਿਸ਼ਤੇਦਾਰ ਵੀ ਉਸੇ ਉਡਾਣ ਵਿਚ ਜਾ ਰਿਹਾ ਸੀ ਤੇ 7 ਲੱਖ ਰੁਪਏ ਉਸ ਕੋਲ ਮੌਜੂਦ ਹਨ। ਇਸ ਵਿਚ ਇੰਡੀਗੋ ਏਅਰਲਾਈਨਸ ਦੀ ਉਡਾਣ ਗਿਣਤੀ 6ਈ-2525 ਦਾ ਜਹਾਜ਼ ਰਵਾਨਾ ਹੋ ਚੁੱਕਾ ਸੀ। ਸੀ. ਆਈ. ਐੱਸ. ਐੱਫ. ਦੇ ਜਵਾਨਾਂ ਨੇ ਦਿੱਲੀ ਸਥਿਤ ਅਧਿਕਾਰੀਆਂ ਨਾਲ ਸੰਪਰਕ ਸਾਧਿਆ ਅਤੇ ਉਡਾਣ ਤੋਂ ਉੱਤਰਦੇ ਹੀ ਉਕਤ ਫੌਜੀ ਦੇ ਸਾਥੀ ਕਰਮਜੀਤ ਸਿੰਘ ਨੂੰ ਵੀ ਘੇਰ ਲਿਆ। ਉਸ ਦੇ ਕਬਜ਼ੇ 'ਚੋਂ 7 ਲੱਖ ਰੁਪਏ ਦੀ ਕਰੰਸੀ ਹੋਰ ਬਰਾਮਦ ਹੋ ਗਈ। ਕਾਬੂ ਕੀਤੇ ਗਏ ਜਵਾਨ ਨੂੰ ਏਅਰਪੋਰਟ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।

ਇਸ ਸਬੰਧੀ ਏਅਰਪੋਰਟ ਦੇ ਥਾਣਾ ਮੁਖੀ ਤੋਂ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਹਿਰਾਸਤ ਵਿਚ ਲਿਆ ਗਿਆ ਫੌਜ ਦਾ ਜਵਾਨ ਸਰਬਜੀਤ ਸਿੰਘ ਆਈ. ਐੱਨ. ਐੱਸ. ਦਾ ਕਮਾਂਡੋ ਹੈ ਅਤੇ ਇਹ ਰੁਪਇਆ ਉਹ ਕਾਰੋਬਾਰੀ ਸਿਲਸਿਲੇ ਵਿਚ ਲਿਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਕਰ ਅਧਿਕਾਰੀਆਂ ਦੇ ਨੋਟਿਸ ਵਿਚ ਲਿਆ ਦਿੱਤਾ ਗਿਆ ਹੈ। ਜਾਂਚ ਉਪਰੰਤ ਹੀ ਕਾਰਵਾਈ ਬਾਰੇ ਕੁਝ ਦੱਸਿਆ ਜਾ ਸਕਦਾ ਹੈ। ਇਸ ਸਬੰਧ 'ਚ ਇਨਕਮ ਟੈਕਸ ਵਿਭਾਗ ਦੇ ਉੱਚ ਅਧਿਕਾਰੀ ਰਾਹੁਲ ਪਾੜਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਅਜੇ ਤੱਕ ਲਿਖਤੀ ਤੌਰ 'ਤੇ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ।


author

Baljeet Kaur

Content Editor

Related News