10 ਲੱਖ ਅਮਰੀਕਨ ਡਾਲਰ ਦੀ ਲਾਟਰੀ ਦਾ ਝਾਂਸਾ ਦੇ ਕੇ ਠੱਗੇ 92 ਲੱਖ

Tuesday, Aug 08, 2017 - 08:02 AM (IST)

ਅਹਿਮਦਗੜ੍ਹ, (ਪੁਰੀ,ਇਰਫਾਨ)— ਵਿਦੇਸ਼ਾਂ 'ਚ ਕਰੋੜਾਂ ਰੁਪਏ ਦੀਆਂ ਲਾਟਰੀਆਂ ਨਿਕਲਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਠੱਗਣ ਵਾਲੇ ਇਕ ਗਿਰੋਹ ਵੱਲੋਂ ਪਿੰਡ ਬਾਠਾਂ ਦੇ ਕਿਸਾਨ ਬਲਜੀਤ ਸਿੰਘ ਤੋਂ 92 ਲੱਖ ਰੁਪਏ ਠੱਗ ਲਏ ਗਏ। ਬਲਜੀਤ ਸਿੰਘ ਜਿਸਨੇ ਆਪਣੀ ਪਤਨੀ ਬਲਜੀਤ ਕੌਰ ਦੇ ਖੇੜਾ ਪਿੰਡ ਵਿਖੇ ਪੇਕਿਆਂ ਦੀ ਖੁਸ਼ਕ ਬੰਦਰਗਾਹ ਲਈ ਐਕਵਾਇਰ ਕੀਤੀ ਜ਼ਮੀਨ ਦੇ ਸਰਕਾਰ ਤੋਂ ਮਿਲੇ 92 ਲੱਖ ਰੁਪਏ 10 ਲੱਖ ਅਮਰੀਕਨ ਡਾਲਰ ਦੀ ਲਾਟਰੀ ਦੇ ਲਾਲਚ ਵਿਚ ਗੁਆ ਲਏ । ਐੱਸ. ਐੱਸ. ਪੀ. ਸੰਗਰੂਰ ਦੇ ਹੁਕਮਾਂ ਅਧੀਨ ਥਾਣਾ ਸਿਟੀ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤੀ ਸ਼ਿਕਾਇਤ ਅਨੁਸਾਰ ਬਲਜੀਤ ਸਿੰਘ ਨੇ ਵੱਖ-ਵੱਖ ਫੋਨ ਨੰਬਰਾਂ ਤੋਂ ਆਈਆਂ ਕਾਲਸ ਤੋਂ ਬਾਅਦ ਵੱਖ-ਵੱਖ ਦਿਨ ਵੱਖ-ਵੱਖ ਖਾਤਿਆਂ ਵਿਚ 92 ਲੱਖ ਰੁਪਏ ਇਸ ਆਸ ਵਿਚ ਜਮ੍ਹਾ ਕਰਵਾ ਦਿੱਤੇ ਕਿ ਉਸ ਤੋਂ ਬਾਅਦ ਉਨ੍ਹਾਂ ਦੇ ਖਾਤਿਆਂ ਵਿਚ 10 ਲੱਖ ਅਮਰੀਕਨ ਲਾਟਰੀ ਦੇ ਪੈਸੇ ਆਉਣਗੇ । ਭਾਵੇਂ ਐਕਵਾਇਰ ਕੀਤੀ ਜ਼ਮੀਨ ਦੇ 72 ਲੱਖ ਰੁਪਏ ਇਕੱਲੀ ਬਲਜੀਤ ਕੌਰ ਦੇ ਨਾਂ ਆਏ ਸਨ ਪਰ ਬਲਜੀਤ ਸਿੰਘ ਨੇ ਇਹ ਸੋਚ ਕੇ ਖਾਤਾ ਸਾਂਝਾ ਕਰਵਾ ਲਿਆ ਸੀ ਕਿ ਬੀਮਾਰੀ ਕਰ ਕੇ ਬਲਜੀਤ ਕੌਰ ਨੂੰ ਬੈਂਕਾਂ ਦੇ ਚੱਕਰ ਮਾਰਨੇ ਔਖੇ ਹੋਣਗੇ ਅਤੇ ਉਹ ਇਕੱਲਾ ਜਾ ਕੇ ਕੰਮ ਕਰਵਾ ਲਿਆ ਕਰੇਗਾ । 
ਰਕਮ ਜਮ੍ਹਾ ਕਰਨ ਵਾਲੇ ਖਾਤੇ ਦੂਜੇ ਸੂਬਿਆਂ ਦੇ
ਦਰਜ ਕੀਤੀ ਸ਼ਿਕਾਇਤ ਅਨੁਸਾਰ ਮਾਰਚ ਅਤੇ ਅਪ੍ਰੈਲ ਮਹੀਨੇ ਦੌਰਾਨ ਵੱਖ-ਵੱਖ ਦਿਨਾਂ ਨੂੰ ਉਕਤ ਰਕਮ ਲੁਟਾ ਚੁੱਕਣ ਤੋਂ ਬਾਅਦ ਪੀੜਤ ਪਰਿਵਾਰ ਬੈਂਕਾਂ ਅਤੇ ਥਾਣਿਆਂ ਦੇ ਚੱਕਰ ਕੱਟਦਾ ਆ ਰਿਹਾ ਸੀ ਅਤੇ ਅੰਤ ਵਿਚ ਉਨ੍ਹਾਂ ਨੂੰ ਸਾਈਬਰ ਕ੍ਰਾਈਮ ਮੋਹਾਲੀ ਵਿਖੇ ਸ਼ਿਕਾਇਤ ਕਰਨ ਦੀ ਰਾਇ ਦਿੱਤੀ ਗਈ । 
ਮੁੜ ਐੱਸ. ਐੱਸ. ਪੀ. ਸੰਗਰੂਰ ਕੋਲ ਕੀਤੀ ਸ਼ਿਕਾਇਤ ਦੀ ਤਫਤੀਸ਼ ਜਦੋਂ ਉੱਚ ਅਧਿਕਾਰੀਆਂ ਨੇ ਸਬੰਧਿਤ ਬੈਂਕਾਂ ਦਾ ਰਿਕਾਰਡ ਮੰਗਵਾ ਕੇ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਖਾਤਿਆਂ ਵਿਚ ਪੈਸੇ ਜਮ੍ਹਾ ਹੋਏ ਹਨ ਉਹ ਬਾਹਰਲੇ ਸੂਬਿਆਂ ਦੇ ਸਨ ਅਤੇ ਉਨ੍ਹਾਂ ਦੇ ਵੇਰਵੇ ਅਧੂਰੇ ਸਨ ।


Related News