ਸੰਸਦ ਮੈਂਬਰ ਵਿਕਰਮ ਸਾਹਨੀ ਵੱਲੋਂ 50 ਲੱਖ ਦੀ ਗ੍ਰਾਂਟ ਨਾਲ ਸਾਰਾਗੜ੍ਹੀ ਵਾਰ ਮੈਮੋਰੀਅਲ ਦਾ ਉਦਘਾਟਨ
Saturday, Sep 14, 2024 - 06:10 PM (IST)

ਚੰਡੀਗੜ੍ਹ : ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਫ਼ਿਰੋਜ਼ਪੁਰ ਵਿਖੇ ਸਾਰਾਗੜ੍ਹੀ ਯਾਦਗਾਰ ਦੇ ਉਦਘਾਟਨ 'ਤੇ ਡੂੰਘੀ ਤਸੱਲੀ ਅਤੇ ਮਾਣ ਦਾ ਪ੍ਰਗਟਾਵਾ ਕੀਤਾ ਹੈ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਹੈ। ਵਰਨਣਯੋਗ ਹੈ ਕਿ ਡਾ. ਸਾਹਨੀ ਨੇ ਇਸ ਪ੍ਰਾਜੈਕਟ ਲਈ 50 ਲੱਖ ਰੁਪਏ ਦਾਨ ਕੀਤੇ ਸਨ। ਡਾ. ਸਾਹਨੀ ਨੇ ਕਿਹਾ ਕਿ ਸਾਰਾਗੜ੍ਹੀ ਦੀ ਲੜਾਈ ਬਹਾਦਰੀ, ਜੋਸ਼ ਅਤੇ ਕੁਰਬਾਨੀ ਦਾ ਸਦੀਵੀ ਪ੍ਰਤੀਕ ਹੈ, ਜੋ ਦੇਸ਼ ਭਗਤੀ ਅਤੇ ਦਲੇਰੀ ਦੀ ਭਾਵਨਾ ਪੈਦਾ ਕਰਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਦੀਆਂ ਪਾਠ ਪੁਸਤਕਾਂ ਵਿਚ ਸਾਰਾਗੜ੍ਹੀ ਦੀ ਲੜਾਈ ਬਾਰੇ ਇਕ ਅਧਿਆਏ ਸ਼ਾਮਲ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਇਸ ਅਨੋਖੀ ਅਤੇ ਮਿਸਾਲੀ ਲੜਾਈ ਬਾਰੇ ਸਿੱਖਿਆ ਦਿੱਤੀ ਜਾ ਸਕੇ।
ਡਾ. ਸਾਹਨੀ ਨੇ ਕਿਹਾ ਕਿ ਇਹ ਮਹੱਤਵਪੂਰਨ ਯਾਦਗਾਰ ਸਾਨੂੰ ਹਮੇਸ਼ਾ ਦਿਲੀ ਸਮਰਪਣ ਨਾਲ ਲੜਨ ਵਾਲੇ ਸਿੱਖ ਸੈਨਕਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਦੀ ਯਾਦ ਦਿਵਾਉਂਦੀ ਰਹੇਗੀ। ਸਾਡੇ ਇਤਿਹਾਸ ਦੇ ਇਸ ਮਹੱਤਵਪੂਰਨ ਅਧਿਆਏ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਵਾਲੇ ਇਸ ਪ੍ਰਾਜੈਕਟ ਦਾ ਹਿੱਸਾ ਬਣਨਾ ਗੌਰਵ ਵਾਲੀ ਗੱਲ ਹੈ। ਡਾ. ਸਾਹਨੀ ਨੇ ਕਿਹਾ ਕਿ ਸਾਰਾਗੜ੍ਹੀ ਮੈਮੋਰੀਅਲ 36 ਸਿੱਖ ਰੈਜੀਮੈਂਟ ਦੇ 21 ਸਿੱਖ ਸੈਨਿਕਾਂ ਦੀ ਬਹਾਦਰੀ ਨੂੰ ਸਮਰਪਿਤ ਹੈ ਜਿਨ੍ਹਾਂ ਨੇ 12 ਸਤੰਬਰ 1897 ਨੂੰ ਵਜ਼ੀਰਸਤਾਨ (ਹੁਣ ਪਾਕਿਸਤਾਨ ਵਿਚ ਖੈਬਰ-ਪਖਤੂਨਖਵਾ) ਵਿਚ 10000 ਅਫਗਾਨਾਂ ਦੇ ਹਮਲੇ ਤੋਂ ਸਾਰਾਗੜ੍ਹੀ ਕਿਲ੍ਹੇ ਦੀ ਰੱਖਿਆ ਕੀਤੀ ਸੀ।