ਪੰਜਾਬ ਦੀਆਂ 7 ਸੀਟਾਂ 'ਤੇ ਭੰਬਲਭੂਸੇ 'ਚ 'ਕਾਂਗਰਸ', ਉਮੀਦਵਾਰ ਚੁਣਨਾ ਹੋਇਆ ਔਖਾ

Thursday, Apr 04, 2019 - 12:42 PM (IST)

ਪੰਜਾਬ ਦੀਆਂ 7 ਸੀਟਾਂ 'ਤੇ ਭੰਬਲਭੂਸੇ 'ਚ 'ਕਾਂਗਰਸ', ਉਮੀਦਵਾਰ ਚੁਣਨਾ ਹੋਇਆ ਔਖਾ

ਚੰਡੀਗੜ੍ਹ : ਕਾਂਗਰਸ ਹਾਈਕਮਾਨ ਨੇ ਪੰਜਾਬ 'ਚ 6 ਸੀਟਾਂ ਤੋਂ ਤਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਪਿੱਛੇ ਬਚੀਆਂ 7 ਸੀਟਾਂ ਬਠਿੰਡਾ, ਸੰਗਰੂਰ, ਫਿਰੋਜ਼ਪੁਰ, ਸ੍ਰੀ ਆਨੰਦਪੁਰ ਸਾਹਿਬ, ਖਡੂਰ ਸਾਹਿਬ, ਫਰੀਦਕੋਟ ਅਤੇ ਫਤਿਹਗੜ੍ਹ ਸਾਹਿਬ ਨੇ ਕਾਂਗਰਸ ਨੂੰ ਭੰਬਲਭੂਸੇ 'ਚ ਪਾ ਦਿੱਤਾ ਹੈ ਅਤੇ ਪਾਰਟੀ ਲਈ ਇਨ੍ਹਾਂ ਸੀਟਾਂ ਤੋਂ ਉਮੀਦਵਾਰ ਚੁਣਨਾ ਔਖਾ ਹੋ ਗਿਆ ਹੈ। ਕਾਂਗਰਸ ਪੰਜਾਬ 'ਚ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਐਲਾਨ ਮਗਰੋਂ ਹੀ ਆਪਣੇ ਪੱਤੇ ਖੋਲ੍ਹਣਾ ਚਾਹੁੰਦੀ ਹੈ।

ਬਠਿੰਡਾ ਸੀਟ 'ਤੇ ਅਕਾਲੀ ਦਲ ਵਲੋਂ ਹਰਸਿਮਰਤ ਕੌਰ ਬਾਦਲ ਦਾ ਚੋਣ ਲੜਨਾ ਤਕਰੀਬਨ ਤੈਅ ਹੀ ਹੈ ਪਰ ਕਾਂਗਰਸ ਨੂੰ ਉਨ੍ਹਾਂ ਦੀ ਟੱਕਰ ਵਾਲਾ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਕਿਉਂਕਿ ਮਨਪ੍ਰੀਤ ਬਾਦਲ ਦੇ ਇਨਕਾਰ ਕਰਨ ਤੋਂ ਬਾਅਦ ਕਾਂਗਰਸ ਵਲੋਂ ਨਵਜੋਤ ਕੌਰ ਸਿੱਧੂ ਨੇ ਵੀ ਇਸ ਸੀਟ 'ਤੇ ਚੋਣ ਲੜਨ ਤੋਂ ਮਨ੍ਹਾਂ ਕਰ ਦਿੱਤਾ ਹੈ। ਦੂਜੇ ਪਾਸੇ ਜੇਕਰ ਸੰਗਰੂਰ ਸੀਟ ਦੀ ਗੱਲ ਕਰੀਏ ਤਾਂ 'ਆਪ' ਉਮੀਦਵਾਰ ਭਗਵੰਤ ਮਾਨ ਖਿਲਾਫ ਉਤਾਰਨ ਲਈ ਵੀ ਕਾਂਗਰਸ ਕੋਲ ਕੋਈ ਯੋਗ ਉਮੀਦਵਾਰ ਨਹੀਂ ਹੈ। ਹਾਲਾਂਕਿ ਕੈਪਟਨ ਨੇ ਖਡੂਰ ਸਾਹਿਬ ਤੋਂ ਜਸਬੀਰ ਡਿੰਪਾ ਅਤੇ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸੋਢੀ ਦਾ ਸਮਰਥਨ ਕੀਤਾ ਪਰ ਪਾਰਟੀ ਨੇ ਫਿਰੋਜ਼ਪੁਰ ਤੋਂ ਮੌਜੂਦਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੂੰ ਪਾਰਟੀ 'ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਉੱਥੇ ਖਾਸਾ ਆਧਾਰ ਹੈ। ਇਹੀ ਕਾਰਨ ਹੈ ਕਿ ਇਸ ਸੀਟ 'ਤੇ ਵੀ ਉਮੀਦਵਾਰ ਦੀ ਚੋਣ ਅਜੇ ਪੈਂਡਿੰਗ ਹੈ। ਕੁਝ ਇਸੇ ਤਰ੍ਹਾਂ ਦਾ ਹੀ ਹਿਸਾਬ ਬਾਕੀ ਬਚੀਆਂ ਸੀਟਾਂ ਦਾ ਹੈ। 

7 ਸੀਟਾਂ ਦਾ ਫੈਸਲਾ ਹੁਣ ਰਾਹੁਲ, ਕੈਪਟਨ ਤੇ ਜਾਖੜ ਕਰਨਗੇ
ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਹੁਣ ਪੈਂਡਿੰਗ ਪਈਆਂ 7 ਸੀਟਾਂ 'ਤੇ ਉਮੀਦਵਾਰਾਂ ਦਾ ਮਾਮਲਾ ਕੇਂਦਰੀ ਚੋਣ ਕਮੇਟੀ ਕੋਲ ਅੰਤਿਮ ਮਨਜ਼ੂਰੀ ਲਈ ਨਹੀਂ ਜਾਵੇਗਾ। ਸਿਰਫ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਗ ਤੇ ਸੁਨੀਲ ਜਾਖੜ ਮਿਲ ਕੇ ਉਮੀਦਵਾਰ ਤੈਅ ਕਰਨਗੇ। ਭਾਵੇਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦਿੱਲੀ 'ਚ ਹੀ ਰੁਕੇ ਹੋਏ ਹਨ ਪਰ ਮੰਨਿਆ ਜਾ ਰਿਹਾ ਹੈ ਕਿ 4 ਅਪ੍ਰੈਲ ਨੂੰ ਕਾਂਗਰਸ ਪ੍ਰਧਾਨ ਵਾਇਨਾਡ 'ਚ ਆਪਣੇ ਨਾਮਜ਼ਦਗੀ ਪੱਤਰ ਭਰਨ ਲਈ ਜਾ ਰਹੇ ਹਨ। ਫਿਰ ਉਨ੍ਹਾਂ ਦੀਆਂ ਕੁਝ ਸੂਬਿਆਂ 'ਚ ਚੋਣ ਰੈਲੀਆਂ ਵੀ ਹੋਣਗੀਆਂ। ਇਸ ਲਈ ਰਾਹੁਲ ਗਾਂਧੀ ਦੇ ਦਿੱਲੀ 'ਚ ਮੌਜੂਦ ਹੋਣ 'ਤੇ ਹੀ ਅਗਲੀ ਮੀਟਿੰਗ ਹੋਣ ਦੀ ਉਮੀਦ ਹੈ।


author

Babita

Content Editor

Related News