ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 5 ਲੱਖ 50 ਹਜ਼ਾਰ ਦੀ ਠੱਗੀ, 2 ਖਿਲਾਫ ਮਾਮਲਾ ਦਰਜ

Sunday, Feb 25, 2018 - 10:59 PM (IST)

ਬੱਧਨੀ ਕਲਾਂ, (ਬੱਬੀ)- ਪਿੰਡ ਰਣੀਆਂ 'ਚ ਇਕ ਦੁਕਾਨਦਾਰ ਦੇ ਨੌਜਵਾਨ ਲੜਕੇ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 5 ਲੱਖ 50 ਹਜ਼ਾਰ ਦੀ ਠੱਗੀ ਮਾਰਨ ਦੇ ਮਾਮਲੇ 'ਚ ਐੱਸ. ਐੱਸ. ਪੀ. ਮੋਗਾ ਦੀਆਂ ਹਦਾਇਤਾਂ 'ਤੇ ਥਾਣਾ ਬੱਧਨੀ ਕਲਾਂ ਵਿਖੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 
ਇਸ ਸਬੰਧੀ ਪਿੰਡ ਰਣੀਆਂ ਵਾਸੀ ਰਾਧਾ ਕ੍ਰਿਸ਼ਨ ਪੁੱਤਰ ਰਾਮ ਨੇ ਪਿਛਲੇ ਦਿਨੀਂ ਐੱਸ. ਐੱਸ. ਪੀ. ਮੋਗਾ ਨੂੰ ਕੀਤੀ ਸ਼ਿਕਾਇਤ 'ਚ ਕਿਹਾ ਸੀ ਕਿ ਉਹ ਪਿੰਡ ਰਣੀਆਂ ਵਿਖੇ ਸਪੇਅਰ ਪਾਰਟਸ ਦੀ ਦੁਕਾਨ ਕਰਦਾ ਹੈ ਤੇ ਪਿੰਡ ਰਾਮੂਵਾਲਾ ਦੇ ਜਰਨੈਲ ਸਿੰਘ ਦਾ ਉਸ ਦੀ ਦੁਕਾਨ 'ਤੇ ਕਾਫੀ ਆਉਣਾ-ਜਾਣਾ ਸੀ।  ਇਕ ਦਿਨ ਜਰਨੈਲ ਸਿੰਘ ਨੇ ਕਿਹਾ ਕਿ ਉਹ ਏਜੰਟ ਦਾ ਕੰਮ ਕਰਦਾ ਹੈ ਤੇ ਹੁਣ ਤੱਕ ਕਈ ਮੁੰਡੇ-ਕੁੜੀਆਂ ਨੂੰ ਵਿਦੇਸ਼ ਭੇਜ ਚੁੱਕਾ ਹੈ ਤੇ ਤੇਰੇ ਮੁੰਡੇ ਨੂੰ ਵੀ ਅਮਰੀਕਾ ਭੇਜ ਸਕਦਾ ਹੈ, ਜਿਸ 'ਤੇ 15 ਲੱਖ ਦਾ ਖਰਚਾ ਆਵੇਗਾ ਤੇ 5 ਲੱਖ 50 ਹਜ਼ਾਰ ਤੈਨੂੰ ਐਡਵਾਂਸ 'ਚ ਦੇਣੇ ਪੈਣਗੇ। ਮੈਂ ਜਰਨੈਲ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਰਾਮੂਵਾਲਾ ਕਲਾਂ ਅਤੇ ਜਸਵੀਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮੋਗਾ ਨੂੰ 3 ਲੱਖ ਰੁਪਏ ਨਕਦ ਦੇ ਦਿੱਤੇ ਅਤੇ 2 ਲੱਖ 50 ਹਜ਼ਾਰ ਰੁਪਏ ਖਾਤੇ 'ਚ ਪਾ ਦਿੱਤੇ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਲੜਕੇ ਪਰਵਿੰਦਰ ਕੁਮਾਰ ਨੂੰ ਨਾ ਤਾਂ ਅਮਰੀਕਾ ਭੇਜਿਆ ਅਤੇ ਨਾ ਹੀ ਮੈਨੂੰ ਪੈਸੇ ਵਾਪਸ ਕੀਤੇ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ. ਐੱਸ. ਪੀ. ਮੋਗਾ ਵੱਲੋਂ ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਡੀ. ਐੱਸ. ਪੀ. ਸੁਬੇਗ ਸਿੰਘ ਨੂੰ ਜਾਂਚ ਕਰਨ ਲਈ ਕਿਹਾ ਗਿਆ, ਜਿਨ੍ਹਾਂ ਵੱਲੋਂ ਜਾਂਚ ਕਰਨ ਉਪਰੰਤ ਥਾਣਾ ਬੱਧਨੀ ਕਲਾਂ ਵਿਖੇ ਜਰਨੈਲ ਸਿੰਘ ਅਤੇ ਜਸਵੀਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।


Related News