22 ਸਾਲਾ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ

Wednesday, Aug 15, 2018 - 12:28 AM (IST)

22 ਸਾਲਾ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ

ਮਮਦੋਟ, (ਸੰਜੀਵ, ਧਵਨ, ਜਸਵੰਤ, ਸ਼ਰਮਾ)– ਨਜ਼ਦੀਕੀ ਪਿੰਡ ਕਡ਼੍ਹਮਾਂ ਵਿਖੇ  22 ਸਾਲਾ ਨੌਜਵਾਨ ਅਵਤਾਰ ਸਿੰਘ ਉਰਫ ਬਾਊ ਨੂੰ ਨਸ਼ੇ ਦੇ ਦੈਂਤ ਨੇ ਨਿਗਲ ਲਿਆ, ਜੋ ਪਿਛਲੇ ਕਈ ਦਿਨਾਂ ਤੋਂ ਜ਼ਿੰਦਗੀ ਦੇ ਅੌਖੇ ਅਤੇ ਆਖਰੀ ਸਾਹ ਗਿਣ ਰਿਹਾ ਸੀ। ਦੂਸਰੇ ਪਾਸੇ ਮ੍ਰਿਤਕ ਦਾ ਨਸ਼ੇ ਦੀ ਦਲ-ਦਲ ’ਚ ਬੁਰੀ ਤਰ੍ਹਾਂ ਫਸ ਚੁੱਕਾ 17 ਸਾਲਾ ਛੋਟਾ ਭਰਾ ਵੀ ਇਲਾਜ ਨਾ ਹੋਣ ਕਾਰਨ ਤਿਲ-ਤਿਲ ਕਰ ਕੇ ਮਰ ਰਿਹਾ ਹੈ। ਕੁਝ ਦਿਨ ਪਹਿਲਾਂ ਦੋ ਬੱਚਿਆਂ ਦੇ ਇਲਾਜ ਲਈ ਪੀਡ਼ਤ ਪਰਿਵਾਰ ਦੀ ਫਰਿਆਦ ਜ਼ਿਲਾ ਪ੍ਰਸ਼ਾਸਨ ਅੱਗੇ ਰੱਖੀ ਗਈ ਸੀ ਪਰ ਧਿਆਨ ਹੀ ਨਹੀਂ ਦਿੱਤਾ। ਇਥੇ ਇਹ ਦੱਸਣਯੋਗ ਹੈ ਕਿ ਇਲਾਕੇ ’ਚ ਇਕ ਮਹੀਨੇ ’ਚ ਇਹ ਛੇਵੀਂ ਮੌਤ ਹੋ ਚੁੱਕੀ ਹੈ।
 ਮ੍ਰਿਤਕ ਨੌਜਵਾਨ ਅਵਤਾਰ ਸਿੰਘ ਉਰਫ ਬਾਊ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਹੈ ਕਿ  4-5 ਸਾਲ ਪਹਿਲਾਂ ਦੋਵੇਂ ਪੁੱਤਰ ਨਸ਼ੇ ਦਾ ਸ਼ਿਕਾਰ ਹੋ ਗਏ ਸਨ, ਜਿਨ੍ਹਾਂ ਦਾ ਨਸ਼ਾ ਛੁਡਾਉਣ ਲਈ ਇਲਾਜ ਵੀ ਕਰਵਾਇਆ ਗਿਆ।  ਨਸ਼ੇ ਦੀ ਦਲ-ਦਲ ’ਚ ਬੁਰੀ ਤਰ੍ਹਾਂ ਨਾਲ ਫਸ ਚੁੱਕੇ ਦੋਵਾਂ ਨੌਜਵਾਨ ਪੁੱਤਰਾਂ ’ਚੋਂ ਇਕ ਪੁੱਤਰ ਮੌਤ ਦੇ ਮੂੰਹ ’ਚ ਚਲਾ ਗਿਆ ਹੈ ਅਤੇ ਦੂਸਰਾ ਵੀ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਇਲਾਕੇ ’ਚ ਨਸ਼ਾ ਪਹਿਲਾਂ ਨਾਲੋਂ ਖੁੱਲ੍ਹਾ ਤੇ ਆਮ ਵਿਕ ਰਿਹਾ ਹੈ, ਜਿਸ ਕਾਰਨ ਸੈਂਕਡ਼ੇ ਮਾਵਾਂ ਦੇ ਪੁੱਤਰ ਚੱਲ ਵੱਸੇ ਹਨ।
ਮੰਜੇ ’ਤੇ ਆਖਰੀ ਸਾਹ ਗਿਣ ਰਹੇ ਛੋਟੇ ਭਰਾ ਨੇ ਜ਼ਿੰਦਗੀ ਦਾ ਪਾਇਆ ਵਾਸਤਾ
ਮੰਜੇ ’ਤੇ ਆਖਰੀ ਸਾਹ ਗਿਣ ਰਹੇ 17 ਸਾਲਾ ਗੁਰਪ੍ਰੀਤ ਸਿੰਘ ਨੇ ਆਪਣੀ ਜਾਨ ਬਚਾਉਣ ਲਈ ਜ਼ਿਲਾ ਪ੍ਰਸ਼ਾਸਨ ਅਤੇ ਐੱਨ. ਜੀ. ਓ. ਸੰਗਠਨਾਂ ਅੱਗੇ ਗੁਹਾਰ ਲਾਈ ਹੈ ਕਿ ਦਿਨੋ-ਦਿਨ ਵਿਗਡ਼ ਰਹੀ ਹਾਲਤ ਨੂੰ ਵੇਖਦਿਆਂ ਜਲਦ  ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਜਾਵੇ। ਵਰਣਨਯੋਗ ਹੈ ਕਿ ਨਸ਼ੇ ਦੌਰਾਨ ਭਿਆਨਕ ਬੀਮਾਰੀਆਂ ਦਾ ਸ਼ਿਕਾਰ  ਹੋ ਚੁੱਕਾ ਨੌਜਵਾਨ ਹੱਥ-ਪੈਰ ਵੀ ਹਿਲਾਉਣ ਤੋਂ ਅਸਮਰੱਥ ਹੋ ਚੁੱਕਾ ਹੈ।
ਨਸ਼ਿਆਂ ਪ੍ਰਤੀ ਢਿੱਲ-ਮਠ ਲਈ ਸੂਬਾ ਸਰਕਾਰ ਹੀ ਜ਼ਿੰਮੇਵਾਰ
ਘਰ ਦਾ ਚਿਰਾਗ ਬੁੱਝਣ ਅਤੇ ਦੂਸਰੇ ਪੁੱਤਰ ਦੇ ਮੌਤ ਦੇ ਮੂੰਹ ਅੱਗੇ ਖਡ਼੍ਹੇ ਹੋਣ ਕਾਰਨ ਮਾਪਿਆਂ ਨੇ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ ਕਿ ਢਿੱਲ-ਮਠ ਹੋਣ ਕਾਰਨ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਰਾਸ਼ਨ ਨਾਲੋਂ ਨਸ਼ਾ ਅਾਸਾਨੀ ਨਾਲ ਇਲਾਕੇ ’ਚ ਮਿਲ ਰਿਹਾ ਹੈ, ਜਿਸ ਉੱਪਰ ਕਾਬੂ ਪਾਉਣ ’ਚ ਪ੍ਰਸ਼ਾਸਨ ਬੇਵੱਸ ਹੈ।


Related News