ਥਾਣੇ ’ਚ ਨੌਜਵਾਨ ਦੀ ਹਥਿਆਰ ਲਹਿਰਾਉਣ ਵਾਲੀ ਵੀਡੀਓ ਵਾਇਰਲ
Saturday, Mar 07, 2026 - 03:15 AM (IST)
ਤਰਨਤਾਰਨ (ਰਮਨ ਚਾਵਲਾ) - ਥਾਣਾ ਸਿਟੀ ਤਰਨਤਾਰਨ ਵਿਚ ਇਕ ਨੌਜਵਾਨ ਵੱਲੋਂ ਪਿਸਤੌਲ ਲਹਿਰਾਉਣ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਜਿਸ ਨੂੰ ਲੈ ਕੇ ਜ਼ਿਲੇ ਦੇ ਐੱਸ.ਐੱਸ.ਪੀ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਜਿੱਥੇ ਨੌਜਵਾਨ ਦੇ ਖਿਲਾਫ ਥਾਣਾ ਸਿਟੀ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ, ਉਥੇ ਹੀ ਥਾਣੇਦਾਰ ਬਲਦੇਵ ਸਿੰਘ ਨੂੰ ਮੁੱਅਤਲ ਕਰਦੇ ਹੋਏ ਉਸ ਦੇ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦੇ ਅਨੁਸਾਰ ਥਾਣਾ ਸਿਟੀ ਤਰਨਤਾਰਨ ਦੇ ਇਕ ਕਮਰੇ ’ਚ ਬੈਠੇ ਨੌਜਵਾਨ ਜੋ ਸਥਾਨਕ ਮੁਹੱਲਾ ਮੁਰਾਦਪੁਰਾ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ ਵੱਲੋਂ ਇਕ ਪਿਸਤੌਲ ਨਾਲ ਵੀਡੀਓ ਬਣਾਉਂਦੇ ਹੋਏ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ। ਕਰੀਬ 15 ਸੈਕਿੰਡ ਦੀਆਂ 2 ਵੀਡੀਓ ਵਿਚ ਇਕ ਪੁਲਸ ਕਰਮਚਾਰੀ ਵੀ ਨਜ਼ਰ ਆ ਰਿਹਾ ਹੈ। ਸਬੰਧਤ ਨੌਜਵਾਨ ਵੱਲੋਂ ਹੱਥ ’ਚ ਫੜ੍ਹਿਆ ਗਿਆ ਪਿਸਤੌਲ ਵੀ ਕਿਸੇ ਪੁਲਸ ਕਰਮਚਾਰੀ ਦਾ ਦੱਸਿਆ ਜਾ ਰਿਹਾ ਹੈ, ਜਿਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਕ ਪਾਸੇ ਪੁਲਸ ਵੱਲੋਂ ਲੋਕਾਂ ਨੂੰ ਗੰਨ ਕਲਚਰ ਦੇ ਚੱਲਦਿਆਂ ਹਥਿਆਰਾਂ ਦੀ ਨੁਮਾਇਸ਼ ਕਰਨ ਉਪਰ ਜਿੱਥੇ ਸਖਤੀ ਨਾਲ ਹੁਕਮਾਂ ਦੀ ਪਾਲਣਾ ਕਰਨ ਸਬੰਧੀ ਆਦੇਸ਼ ਜਾਰੀ ਕੀਤੇ ਜਾ ਰਹੇ ਹਨ, ਉਥੇ ਹੀ ਕਾਨੂੰਨ ਦੇ ਰਖਵਾਲੇ ਖੁਦ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਵੇਖੇ ਜਾ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਜਦੋਂ ਇਸ ਨੌਜਵਾਨ ਵੱਲੋਂ ਪੁਲਸ ਕਰਮਚਾਰੀ ਦਾ ਪਿਸਤੌਲ ਆਪਣੇ ਹੱਥ ਵਿਚ ਫੜ੍ਹਿਆ ਗਿਆ, ਉਸ ਵੇਲੇ ਸਬੰਧਤ ਕਰਮਚਾਰੀ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਬੰਧਤ ਨੌਜਵਾਨ ਦੇ ਖਿਲਾਫ ਕੋਈ ਪਹਿਲਾਂ ਪਰਚਾ ਵੀ ਦਰਜ ਹੈ।
ਓਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਉਣ ਤੋਂ ਬਾਅਦ ਤੁਰੰਤ ਐਕਸ਼ਨ ਲੈਂਦੇ ਹੋਏ ਜਿੱਥੇ ਮੁਲਜ਼ਮ ਸੁਰੇਸ਼ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਮੁਰਾਦਪੁਰਾ ਤਰਨਤਾਰਨ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ, ਉਥੇ ਹੀ ਥਾਣੇਦਾਰ ਬਲਦੇਵ ਸਿੰਘ ਨੂੰ ਮੁੱਅਤਲ ਕਰਦੇ ਹੋਏ ਉਸ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੀਡੀਓ ਬਣਾਉਣ ਵਾਲਾ ਥਾਣੇ ਸਿਟੀ ’ਚ ਤਾਇਨਾਤ ਰਹੇ ਪੁਲਸ ਕਰਮਚਾਰੀ ਬਲਦੇਵ ਸਿੰਘ ਦਾ ਜਾਣਕਾਰ ਸੀ, ਜਿਸ ਵੱਲੋਂ ਉਸ ਦੇ ਕਮਰੇ ’ਚ ਆ ਕੇ ਇਹ ਵੀਡੀਓ ਬਣਾ ਲਈ ਗਈ, ਜਿਸ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਪਿਸਤੌਲ ਕਿਸ ਦਾ ਸੀ।
