10 ਦਿਨਾਂ ''ਚ 18 ਵਾਹਨ ਚੋਰੀ, ਪੁਲਸ ''ਖਾਮੋਸ਼''

Monday, Jan 15, 2018 - 07:42 AM (IST)

ਚੰਡੀਗੜ੍ਹ  (ਸੁਸ਼ੀਲ) - ਵਾਹਨ ਚੋਰਾਂ ਦਾ ਖੌਫ ਚੰਡੀਗੜ੍ਹ ਦੇ ਲੋਕਾਂ 'ਤੇ ਬਰਕਰਾਰ ਹੈ। ਚੋਰ ਲੋਕਾਂ ਦੇ ਘਰਾਂ ਤੋਂ ਬਾਹਰ ਖੜ੍ਹੇ 18 ਵਾਹਨਾਂ 'ਤੇ ਹੱਥ ਸਾਫ ਕਰ ਚੁੱਕੇ ਹਨ ਪਰ ਚੰਡੀਗੜ੍ਹ ਪੁਲਸ ਤੋਂ ਚੋਰ ਫੜੇ ਨਹੀਂ ਜਾ ਰਹੇ।ਹਰ ਵਾਰ ਦੀ ਤਰ੍ਹਾਂ ਥਾਣਾ ਪੁਲਸ ਵਾਹਨ ਚੋਰੀ ਦਾ ਮਾਮਲਾ ਦਰਜ ਕਰਕੇ ਬੈਠ ਜਾਂਦੀ ਹੈ। ਵਾਹਨ ਚੋਰੀ ਰੋਕਣ ਲਈ ਉੱਚ ਅਧਿਕਾਰੀਆਂ ਨੇ ਕ੍ਰਾਈਮ ਬ੍ਰਾਂਚ ਅਗਵਾਈ ਵਿਚ ਵ੍ਹੀਕਲ ਥੈਫਟ ਸੈੱਲ ਬਣਾਇਆ ਸੀ।ਹੀਕਲ ਥੈਫਟ ਸੈੱਲ ਨਾ ਤਾਂ ਚੋਰੀਆਂ ਰੋਕ ਰਿਹਾ ਹੈ ਤੇ ਨਾ ਹੀ ਵਾਹਨ ਚੋਰਾਂ ਨੂੰ ਫੜ ਰਿਹਾ ਹੈ।  ਹੈਰਾਨੀ ਦੀ ਗੱਲ ਇਹ ਹੈ ਕਿ ਚੰਡੀਗੜ੍ਹ ਪੁਲਸ ਵਲੋਂ ਵ੍ਹੀਕਲ ਥੈਫਟ ਸੈੱਲ ਬਣਾਉਣ ਤੋਂ ਬਾਅਦ ਹੀ ਵਾਹਨ ਚੋਰੀ ਦੀਆਂ ਵਾਰਦਾਤਾਂ ਵਿਚ ਕਾਫੀ ਵਾਧਾ ਹੋਇਆ ਹੈ। ਪੁਲਸ ਅਨੁਸਾਰ 2017 ਵਿਚ ਸ਼ਹਿਰ 'ਚੋਂ 914 ਵਾਹਨ ਚੋਰੀ ਹੋਏ। ਇਹ ਵਾਹਨ ਚੋਰੀ ਦੀਆਂ ਵਾਰਦਾਤਾਂ ਪਿਛਲੇ ਸਾਲਾਂ ਤੋਂ ਬਹੁਤ ਜ਼ਿਆਦਾ ਹਨ। 2016 ਵਿਚ ਵਾਹਨ ਚੋਰੀ ਦੇ 601 ਤੇ 2014 ਵਿਚ 817 ਕੇਸ ਦਰਜ ਹੋ ਚੁੱਕੇ ਹਨ।  
ਸਾਊਥ ਡਵੀਜ਼ਨ 'ਚ ਹੋਏ ਜ਼ਿਆਦਾ ਵਾਹਨ ਚੋਰੀ
ਵਾਹਨ ਚੋਰਾਂ ਨੇ ਸਭ ਤੋਂ ਵੱਧ ਵਾਹਨ ਚੋਰੀ ਦੀਆਂ ਵਾਰਦਾਤਾਂ ਸਾਊਥ ਡਵੀਜ਼ਨ ਵਿਚ ਕੀਤੀਆਂ ਹਨ। ਪੁਲਸ ਅਨੁਸਾਰ 2018 ਵਿਚ ਦਰਜ ਹੋਏ 15 ਮਾਮਲਿਆਂ ਵਿਚੋਂ 8 ਕੇਸ ਸਾਊਥ ਡਵੀਜ਼ਨ ਵਿਚ ਦਰਜ ਹੋ ਚੁੱਕੇ ਹਨ। ਪੁਲਸ ਸੂਤਰਾਂ ਅਨੁਸਾਰ ਸਾਊਥ ਡਵੀਜ਼ਨ ਦੇ ਸੈਕਟਰ ਮੋਹਾਲੀ ਦੀ ਹੱਦ ਦੇ ਨਾਲ ਲਗਦੇ ਹਨ ਤੇ ਇਸਦਾ ਫਾਇਦਾ ਚੁੱਕ ਕੇ ਚੋਰ ਚੰਡੀਗੜ੍ਹ ਵਿਚ ਵਾਰਦਾਤ ਨੂੰ ਅੰਜਾਮ ਦੇ ਕੇ ਆਰਾਮ ਨਾਲ ਮੋਹਾਲੀ ਵਿਚ ਦਾਖਲ ਹੋ ਕੇ ਫਰਾਰ ਹੋ ਜਾਂਦੇ ਹਨ।
ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਨਹੀਂ ਹੁੰਦੇ ਵਾਹਨ ਚੋਰ
ਚੰਡੀਗੜ੍ਹ ਪੁਲਸ ਵਲੋਂ ਲਾਈਟ ਪੁਆਇੰਟਾਂ, ਚੌਰਾਹਿਆਂ ਤੇ ਐਂਟਰੀ ਪੁਆਇੰਟਾਂ 'ਤੇ ਲਾਏ ਗਏ ਕੈਮਰਿਆਂ 'ਚ ਕੋਈ ਵੀ ਵਾਹਨ ਚੋਰ ਕੈਦ ਨਹੀਂ ਹੋ ਸਕਿਆ ਹੈ। ਕੈਮਰਿਆਂ ਦੀ ਘਟੀਆ ਕੁਆਲਿਟੀ ਦਾ ਫਾਇਦਾ ਵਾਹਨ ਚੋਰਾਂ ਨੂੰ ਕਾਫੀ ਮਿਲ ਰਿਹਾ ਹੈ ਤੇ ਵਾਹਨ ਚੋਰ ਆਰਾਮ ਨਾਲ ਵਾਹਨ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ।


Related News