ਭੱਠੇ ਬੰਦ ਕਰਨ ਦੇ ਫੈਸਲੇ ਵਿਰੁੱਧ ਮਜ਼ਦੂਰ ਯੂਨੀਅਨਾਂ ਨੇ ਵਜਾਇਆ ਸੰਘਰਸ਼ ਦਾ ਬਿਗਲ

09/18/2018 11:24:16 AM

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : ਪੰਜਾਬ ਅੰਦਰ 31 ਜਨਵਰੀ ਤੱਕ ਭੱਠੇ ਬੰਦ ਰੱਖਣ ਦੇ ਫੈਸਲੇ ਵਿਰੁੱਧ ਇੰਡੀਅਨ ਫੈੱਡਰੇਸ਼ਨ ਆਫ ਟਰੇਡ ਯੂਨੀਅਨ ਦੇ ਆਗੂਆਂ ਨੇ ਸਰਕਾਰ ਨੂੰ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਤਹਿਤ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਮੇਸ਼ ਰਾਣਾ, ਭੱਠਾ ਮਜ਼ਦੂਰ ਯੂਨੀਅਨ ਸਬੰਧਿਤ ਇਫਟੂ ਦੇ ਸੂਬਾ ਕਮੇਟੀ ਮੈਂਬਰ ਪ੍ਰੇਮ ਮਸੀਹ ਸੋਨਾ, ਫੂਲ ਚੰਦ, ਜ਼ਿਲਾ ਪ੍ਰਧਾਨ ਬਚਨ ਸਿੰਘ ਬੋਪਾਰਾਏ ਅਤੇ ਮਾਨਾ ਮਸੀਹ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਭੱਠਾ ਮਾਲਕ ਐਸੋਸੀਏਸ਼ਨ ਦੀ ਹੋਈ ਮੀਟਿੰਗ 'ਚ 31 ਜਨਵਰੀ ਤੱਕ ਪੰਜਾਬ ਦੇ ਸਮੂਹ ਭੱਠਿਆਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕਰੀਬ 2800 ਭੱਠੇ ਹਨ, ਜਿਨ੍ਹਾਂ 'ਚ ਕੱਚੀ ਇੱਟ ਬਣਾਉਣ ਵਾਲੇ ਪੰਥੇਰ, ਪੱਕੀ ਇੱਟ ਭੱਠੇ ਤੋਂ ਬਾਹਰ ਕੱਢਣ ਵਾਲੇ, ਨਿਕਾਸੀ, ਭਰਾਈ ਵਾਲੇ, ਚੌਂਕੀਦਾਰ, ਭੱਠੇ ਦੀ ਇੱਟ ਪਕਾਉਣ ਵਾਲੇ, ਇੱਟ ਲੋਡ ਅਨਲੋਡ ਕਰਨ ਵਾਲੇ ਕਾਮੇ ਕੰਮ ਕਰਦੇ ਹਨ। ਇਨ੍ਹਾਂ ਕਾਮਿਆਂ ਦੀ ਗਿਣਤੀ 4 ਲੱਖ ਦੇ ਕਰੀਬ ਬਣਦੀ ਹੈ। ਪਰ ਬੋਰਡ ਦੇ ਇਸ ਫੈਸਲੇ ਨਾਲ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ ਅਤੇ ਇਨ੍ਹਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਜਾਵੇਗਾ। 

ਭੱਠੇ ਬੰਦ ਰਹਿਣ ਨਾਲ ਇੱਟਾਂ ਮਹਿੰਗੀਆਂ ਹੋ ਜਾਣਗੀਆਂ ਅਤੇ ਆਮ ਆਦਮੀ ਲਈ ਇੱਟ ਖਰੀਦਣੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਅੰਕੜਿਆਂ ਮੁਤਾਬਿਕ ਪੰਜਾਬ 'ਚ 13 ਲੱਖ ਉਸਾਰੀ ਮਜ਼ਦੂਰ ਹਨ ਅਤੇ ਇੱਟਾਂ ਨਾ ਬਣਨ ਕਰ ਕੇ ਉਸਾਰੀ ਦਾ ਸਾਰਾ ਕੰਮ ਠੱਪ ਹੋ ਜਾਵੇਗਾ, ਜਿਸ ਨਾਲ ਸੀਮੇਂਟ, ਸਰੀਆ, ਪੱਥਰ, ਬਿਜਲੀ ਦਾ ਸਮਾਨ, ਲੱਕੜ ਦਾ ਕੰਮ ਕਰਨ ਵਾਲਿਆਂ 'ਤੇ ਵੀ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਹਿਮਾਚਲ ਦੇ ਦੱਖਣੀ ਹਿੱਸੇ 'ਚ ਸਾਰੀ ਇੱਟ ਪਠਾਨਕੋਟ, ਦੀਨਾਨਗਰ ਅਤੇ ਗੁਰਦਾਸਪੁਰ ਦੇ ਭੱਠਿਆਂ ਤੋਂ ਜਾਂਦੀ ਹੈ, ਉੱਥੇ ਵੀ ਇਸ ਦਾ ਅਸਰ ਹੋਵੇਗਾ। ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ 20 ਲੱਖ ਪਰਿਵਾਰਾਂ ਦਾ ਰੁਜ਼ਗਾਰ ਖੁੱਸੇਗਾ, ਉੱਥੇ ਬਹੁਤ ਸਾਰੇ ਕਾਰੋਬਾਰੀਆਂ ਦੀ ਆਰਥਿਕਤਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। 

ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਸਿਰਫ਼ ਭੱਠਿਆਂ ਕਾਰਨ ਹੀ ਨਹੀਂ ਫੈਲ ਰਿਹਾ। ਉਨ੍ਹਾਂ ਕਿਹਾ ਕਿ ਕਈ ਫੈਕਟਰੀਆਂ ਲਗਾਤਾਰ ਪ੍ਰਦੂਸ਼ਣ ਫੈਲਾ ਰਹੀਆਂ ਹਨ, ਜਨ੍ਹਾਂ ਸਬੰਧੀ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪਰ ਹੁਣ ਭੱਠਿਆਂ ਸਬੰਧੀ ਲਏ ਗਏ ਇਸ ਫੈਸਲੇ ਦੇ ਵਿਰੋਧ 'ਚ ਉਨ੍ਹਾਂ ਦੀ ਜਥੇਬੰਦੀ ਵੱਲੋਂ ਵੱਖ-ਵੱਖ ਭੱਠਿਆਂ 'ਤੇ ਕੰਮ ਕਰਦੇ ਮਜ਼ਦੂਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰ ਦੇ ਇਸ ਫੈਸਲੇ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾ ਸਕੇ।


Related News