ਇਕੁਆਡੋਰ ਨੂੰ ਖਾਲਿਸਤਾਨ ਅੰਬੈਸੀ ਬੰਦ ਕਰਨ ਲਈ ਭਾਰਤ ਨੇ ਦਿੱਤੇ 39 ਮਿਲੀਅਨ ਡਾਲਰ: ਖਾਲਿਸਤਾਨ ਜਲਾਵਤਨ ਸਰਕਾਰ

04/11/2024 10:03:12 PM

ਲੰਡਨ (ਸਰਬਜੀਤ ਸਿੰਘ ਬਨੂੜ) - ਖਾਲਿਸਤਾਨ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਗੁਰਮੇਜ ਸਿੰਘ ਗਿੱਲ ਅਤੇ ਉਨ੍ਹਾਂ ਦੇ ਸਹਿਯੋਗੀਆਂ, ਜਥੇਦਾਰ ਬਲਬੀਰ ਸਿੰਘ ਯੂਕੇ, ਜਥੇਦਾਰ ਸੁਬੇਗ ਸਿੰਘ ਡੈਨਮਾਰਕ, ਜਥੇਦਾਰ ਸਤਨਾਮ ਸਿੰਘ ਅਤੇ ਜਥੇਦਾਰ ਰੇਸ਼ਮ ਸਿੰਘ ਬੱਬਰ ਜਰਮਨੀ ਨੇ ਇੱਕ ਸਾਂਝੇ ਬਿਆਨ ਵਿੱਚ ਵਿਸਾਖੀ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆ ਕਿਹਾ ਕਿ ਭਾਰਤ ਸਰਕਾਰ ਨੇ ਇਕੁਆਡੋਰ ਵਿੱਚ ਜਲਾਵਤਨ ਸਰਕਾਰ ਵੱਲੋਂ ਖੋਲੀ ਖਾਲਿਸਤਾਨ ਅੰਬੈਸੀ ਨੂੰ ਬੰਦ ਕਰਨ ਲਈ ਇਕੁਆਡੋਰ ਸਰਕਾਰ ਨੂੰ 39 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਗਈ ਸੀ ਤਾਂ ਜੋ ਵਿਦੇਸ਼ਾਂ ਵਿੱਚ ਨਵੀਆਂ ਖੁੱਲ ਰਹੀਆਂ ਖਾਲਿਸਤਾਨ ਅੰਬੈਸੀਆਂ ਦੇ ਪ੍ਰਚਾਰ ਪ੍ਰਸਾਰ ਨੂੰ ਰੋਕਿਆ ਜਾ ਸਕੇ।

ਜਲਾਵਤਨ ਆਗੂਆਂ ਨੇ ਕਿਹਾ 1699 ਦੀ ਵੈਸਾਖੀ ‘ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਕ ਸੰਪੂਰਨ ਮਨੁੱਖ ਖ਼ਾਲਸਾ ਦੇ ਰੂਪ ਵਿੱਚ ਪ੍ਰਗਟ ਕੀਤਾ ਅਤੇ ਪਰਉਪਕਾਰੀ, ਔਗੁਣਾਂ ਤੋਂ ਰਹਿਤ, ਸਭ ਦਾ ਭਲਾ ਕਰਨ ਵਾਲਾ, ਨਾਮ, ਬਾਣੀ 'ਤੇ ਧਰਮ ਦੀ ਕਿਰਤ ਕਰਨ ਲਈ ਆਖ ਦੁਨੀਆਂ ਦੀਆਂ ਬਹਾਦਰ ਕੌਮਾਂ ਵਿੱਚੋਂ ਇਕ ਬਣਾ ਦਿੱਤਾ ਗਿਆ। ਜਲਾਵਤਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਈ ਜੀਵਨ ਸਿੰਘ ਹੋਰਾਂ ਦੀ ਪ੍ਰੇਰਨਾ ਸਦਕਾ ਕੈਨੇਡਾ ਵਿਖੇ ਪੰਜ ਸਿੰਘਾਂ ਭਾਈ ਗੁਰਮੇਜ ਸਿੰਘ ਬੱਬਰ, ਭਾਈ ਤਲਵਿੰਦਰ ਸਿੰਘ ਬੱਬਰ, ਭਾਈ ਅਜੈਬ ਸਿੰਘ ਬਾਗੜੀ, ਭਾਈ ਬਖਸ਼ੀਸ਼ ਸਿੰਘ, ਭਾਈ ਬਲਵੀਰ ਸਿੰਘ ਡੁਮੇਲੀ ਨੇ ਭਾਈ ਤਲਵਿੰਦਰ ਸਿੰਘ ਨੂੰ ਪੰਜਾਬ ਭੇਜ ਨੋਜਵਾਨਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ, ਅੰਮ੍ਰਿਤ ਛਕਾਉਣਾ ਦਾ ਕੰਮ ਸੌਂਪਿਆ ਗਿਆ ਸੀ ਅਤੇ ਦੂਜੇ ਪਾਸੇ ਇੰਦਰਾ ਗਾਂਧੀ ਸਿੱਖ ਕੌਮ ਤੋਂ ਐਮਰਜੈਂਸੀ ਵੇਲੇ ਦਾ ਬਦਲਾ ਲੈਣਾ ਚਾਹੁੰਦੀ ਸੀ, ਕਿਉਂਕਿ ਸੰਤ ਲੌਂਗੋਵਾਲ ਦੀ ਅਗਵਾਈ ਵਿੱਚ ਸਿੱਖ ਕੌਮ ਨੇ ਇੰਦਰਾ ਗਾਂਧੀ ਦੀ ਐਮਰਜੈਂਸੀ ਦਾ ਡੱਟ ਕੇ ਵਿਰੋਧ ਕੀਤਾ ਗਿਆ ਸੀ। ਜਲਾਵਤਨ ਸਰਕਾਰ ਨੇ ਮਈ 1984 ਨੂੰ ਬਰਮਿੰਘਮ, ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਇਕੱਤਰਤਾ ਬੁਲਾ ਕੇ ਦੋ ਮਤੇ ਪਾਸ ਕੀਤੇ ਗਏ ਜਿਸ ਵਿੱਚ ਭਾਰਤ ਦੇਸ਼ ਵਿੱਚ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਖ਼ਾਲਸਾ ਰਾਜ, ਖਾਲਿਸਤਾਨ ਹੀ ਹੱਲ ਹੈ ਅਤੇ ਏਅਰ ਇੰਡੀਆ ਦਾ ਬਾਈਕਾਟ ਕਰਨ ਲਈ ਕਿਹਾ ਗਿਆ ਸੀ ਜਿਸ ਤੇ ਜਾਗਦੀ ਜ਼ਮੀਰ ਵਾਲੇ ਸਿੱਖ ਅੱਜ ਵੀ ਡੱਟ ਕੇ ਪਹਿਰਾ ਦੇ ਰਹੇ ਹਨ। 

ਜਲਾਵਤਨ ਸਰਕਾਰ ਨੇ ਕਿਹਾ ਕਿ ਸਾਡੀ ਹੋਂਦ, ਸਾਡੀ ਚੜ੍ਹਦੀ ਕਲਾ, ਸਾਡਾ ਸਤਿਕਾਰ, ਸਾਡਾ ਕਿਰਦਾਰ ਦਾ ਸੋਮਾਂ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਵਾਸਤੇ ਹਰ ਸਰਕਾਰ ਨੇ ਕੋਸ਼ਿਸ਼ ਕੀਤੀ ਪਰ ਅਸੀਂ ਟੁੱਟ ਨਹੀਂ ਸਕੇ। ਗੁਰਬਾਣੀ ਸਾਨੂੰ ਬੀਰ ਰਸ ਅਤੇ ਨਾਮ ਰਸ ਦਾ ਅਤੁੱਟ ਖਜਾਨਾ ਗੁਰੂ ਸਾਹਿਬ ਜੀ ਨੇ ਬਖ਼ਸ਼ਿਆ ਹੈ, ਉਸ ਸਾਂਭ ਕੇ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਤੇ ਚਾਰੇ ਪਾਸਿਆਂ ਤੋਂ ਹਮਲੇ ਹੋ ਰਹੇ ਹਨ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ, ਕਾਲਜਾਂ, ਸਕੂਲਾਂ ਵਿੱਚ ਆਰ ਐਸ ਐਸ ਦੇ ਕਰਿੰਦੇ ਸਰਕਾਰ ਨੇ ਫਿੱਟ ਕਰ ਦਿੱਤੇ ਹਨ ਜਿਨ੍ਹਾਂ ਤੋਂ ਸਾਡੇ ਸੁਨਹਿਰੀ ਇਤਿਹਾਸ ਨੂੰ ਖ਼ਤਮ ਕਰਵਾ ਕੇ ਨਵਾਂ ਇਤਿਹਾਸ ਲਿਖਾਇਆ ਜਾ ਰਿਹਾ ਹੈ ਤੇ 50 ਸਾਲ ਬਾਅਦ ਨਵੀਂ ਪੀੜ੍ਹੀ ਵਾਸਤੇ ਇਕ ਨਵਾਂ ਇਤਿਹਾਸ ਮਿਲੇਗਾ ਜੋ ਸਾਡੇ ਪੁਰਾਤਨ ਇਤਿਹਾਸ ਤੋਂ ਉਲਟ ਹੋਵੇਗਾ ਜਿਸ ਨੂੰ ਰੋਕਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਖ਼ਾਲਸੇ ਦਾ ਹੋਲਾ ਮਹੱਲਾ ਇਕ ਬਹਾਦਰੀ ਦਾ ਪ੍ਰਤੀਕ ਹੈ, ਜਿਥੇ ਗੁਰਸਿੱਖ ਸੂਰਬੀਰ ਯੋਧੇ ਸ਼ਸਤਰਾਂ ਦੇ ਜੌਹਰ ਦਿਖਾਂਦੇ ਹਨ, ਪਰ ਦੁਮਾਲਿਆਂ, ਚੋਲਿਆਂ ਵਾਲੇ ਕੱਚੇ ਰੰਗਾਂ ਨਾਲ ਹੋਲੀਆਂ ਖੇਡ ਇਕ ਦੂਸਰੇ ‘ਤੇ ਰੰਗ ਸੁੱਟ ਰਹੇ ਹਨ। ਹੋਲੀ ਜਿਨ੍ਹਾਂ ਦਾ ਤਿਉਹਾਰ ਹੈ ਮਨਾਉਣ ਉਨ੍ਹਾਂ ਨੂੰ ਮੁਬਾਰਕ ਪਰ ਕੁਝ ਆਗੂ ਸਿੱਖ ਕੌਮ ਨੂੰ ਗਲਤ ਦਿਸ਼ਾ ਦੇ ਰਹੇ ਹਨ। ਜਲਾਵਤਨ ਸਰਕਾਰ ਦੇ ਆਗੂਆਂ ਨੇ ਨੌਜਵਾਨਾਂ ਨੂੰ ਆਪਣਾ ਵਿਰਸਾ ਸੰਭਾਲ ਅੰਮ੍ਰਿਤ ਛੱਕ ਕੇ ਖ਼ਾਲਸਾ ਕੌਮ, ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਲੰਡਨ ਵਿੱਚ ਜੂਨ 84 ਦੇ ਘੁੱਲੂਘਾਰੇ ਦੀ 40ਵੀਂ ਯਾਦ ਵਿੱਚ ਹੋ ਰਹੇ ਰੋਹ ਪ੍ਰਦਰਸ਼ਨ ਵਿੱਚ ਇਕ ਲੱਖ ਤੋਂ ਉੱਪਰ ਸੰਗਤਾਂ ਪਹੁੰਚ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਗਈਆਂ ਜੋ ਵਿਦੇਸ਼ਾਂ ਵਿੱਚ ਇੱਕ ਨਵਾਂ ਇਤਿਹਾਸ ਸਿਰਜਣਗੀਆਂ।


Inder Prajapati

Content Editor

Related News