ਰਾਮਬਾਗ ’ਚ ਪੁਲਸ ਤੇ ਆਬਕਾਰੀ ਮੁਲਾਜ਼ਮਾਂ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ, 40 ਲੋਕਾਂ ਵਿਰੁੱਧ ਕੇਸ ਦਰਜ
Tuesday, Apr 16, 2024 - 02:54 PM (IST)
ਅੰਮ੍ਰਿਤਸਰ (ਇੰਦਰਜੀਤ/ਜਸ਼ਨ)-ਹੁਣ ਜਿਸ ਤਰ੍ਹਾਂ ਸ਼ਰਾਬ ਕਾਰੋਬਾਰੀਆਂ ਨੇ ਆਬਕਾਰੀ ਵਿਭਾਗ ਅਤੇ ਪੁਲਸ ਦੀਆਂ ਟੀਮਾਂ ’ਤੇ ਹਮਲਾ ਕੀਤਾ ਹੈ, ਉਸ ਤੋਂ ਲੱਗਦਾ ਹੈ ਕਿ ਇਨ੍ਹਾਂ ਅਪਰਾਧੀਆਂ ਨੂੰ ਕਾਨੂੰਨ ਨਾਂ ਦੀ ਕੋਈ ਚੀਜ਼ ਤੋਂ ਡਰ ਹੀ ਨਹੀਂ ਲੱਗਦਾ ਹੈ। ਇਨ੍ਹਾਂ ਵਿਅਕਤੀਆਂ ਨੇ ਇਹ ਹਮਲਾ ਵੀ ਅਜਿਹੇ ਸਮੇਂ ਕੀਤਾ ਜਦੋਂ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਅਤੇ ਪੁਲਸ, ਆਬਕਾਰੀ ਵਿਭਾਗ, ਸੀਮਾ ਸੁਰੱਖਿਆ ਬਲ ਆਦਿ ਦੇ ਦਰਜਨ ਦੇ ਕਰੀਬ ਵਿਭਾਗਾਂ ਨੂੰ ਸਿਰਫ਼ ਨਾਜਾਇਜ਼ ਸ਼ਰਾਬ ’ਤੇ ਹੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵੱਡੀ ਗੱਲ ਇਹ ਹੈ ਕਿ ਜਿਸ ਥਾਂ ’ਤੇ ਇਹ ਲੋਕ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦੇ ਹਨ, ਉਹ ਰਾਮਬਾਗ ਥਾਣੇ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਸਥਿਤ ਹੈ। ਵਿਭਾਗੀ ਲੋਕਾਂ ਅਨੁਸਾਰ ਸ਼ਰਾਬ ਦੀ ਵਿਕਰੀ ਦਾ ਇਹ ਇਲਾਕਾ ਨਾਮਵਰ ਸ਼ਰਾਬ ਠੇਕੇਦਾਰ ਗਰੁੱਪ ਦੇ ਮੈਂਬਰ ‘ਪੱਪੂ ਜੈਂਤੀਪੁਰੀਆ’ ਦਾ ਹੈ। ਦੱਸਿਆ ਜਾਂਦਾ ਹੈ ਕਿ ਇਹ ਇਲਾਕਾ ਨਾਜਾਇਜ਼ ਸ਼ਰਾਬ ਲਈ ਇੰਨ੍ਹਾਂ ਬਦਨਾਮ ਹੋ ਚੁੱਕਾ ਹੈ ਕਿ ਜੇਕਰ ਕੋਈ ਆਮ ਵਿਅਕਤੀ ਵੀ ਇਸ ਸੜਕ ਤੋਂ ਲੰਘਦਾ ਹੈ ਤਾਂ ਕਈ ਲੋਕ ਉਸ ਦੇ ਪਿੱਛੇ ਸ਼ਰਾਬ ਵੇਚਣ ਲਈ ਦੌੜਦੇ ਹਨ। ਇਹ ਉਸੇ ਘਟਨਾ ਦਾ ਸਿਲਸਿਲਾ ਜਾਰੀ ਹੈ, ਜਿਸ ਵਿਚ ਬੀਤੀ ਰਾਤ 40 ਦੇ ਕਰੀਬ ਸ਼ਰਾਬ ਵੇਚਣ ਵਾਲਿਆਂ ਦੇ ਗਿਰੋਹ ਨੇ ਪੁਲਸ ਅਤੇ ਆਬਕਾਰੀ ਵਿਭਾਗ ’ਤੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਹ ਛਾਪੇਮਾਰੀ ਕਰਨ ਲਈ ਆਏ ਸਨ। ਥਾਣਾ ਰਾਮਬਾਗ ਦੀ ਪੁਲਸ ਨੇ ਇਸ ਮਾਮਲੇ ਵਿਚ 10 ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਕੁੱਲ 30/40 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਸ਼ਾਮਲ ਮੁਲਜ਼ਮ ਅਜੇ ਫਰਾਰ ਹੈ। ਪੁਲਸ ਵੱਲੋਂ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- 10 ਸਾਲਾ ਬੱਚੀ ਨਾਲ ਨੌਜਵਾਨ ਨੇ ਕੀਤਾ ਸ਼ਰਮਨਾਕ ਕਾਰਾ, ਫਿਰ ਧਮਕੀਆਂ ਦੇ ਕੇ ਹੋਇਆ ਫ਼ਰਾਰ
ਹਾਲਾਂਕਿ ਪੁਲਸ ਦੀ ਨਫ਼ਰੀ ਨੂੰ ਦੇਖ ਕੇ ਉੱਥੇ ਮੌਜੂਦ ਜ਼ਿਆਦਾਤਰ ਲੋਕਾਂ ਨੇ ਪਹਿਲਾਂ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਦੇ ਮੁੱਖ ਮੁਲਜ਼ਮ ‘ਰਾਕੇਸ਼ ਭਈਆ’ ਨੇ ਲਲਕਾਰਾ ਮਾਰਦੇ ਹੋਏ ਕਿਹਾ ਕਿ ‘ਹਮਲਾ ਕਰ ਦਿਉ, ਅੱਜ ਕੋਈ ਵੀ ਇੱਥੋਂ ਬੱਚ ਕੇ ਨਾ ਜਾਵੇ’।
ਪਹਿਲਾਂ ਤੋਂ ਕੀਤੀ ਹੋਈ ਸੀ ਹਮਲਾਵਰਾਂ ਨੇ ਤਿਆਰੀ
ਪੁਲਸ ਅਨੁਸਾਰ ਇਨ੍ਹਾਂ ਵਿਅਕਤੀਆਂ ਨੇ ਪਹਿਲਾਂ ਤੋਂ ਹੀ ਤਿਆਰੀ ਕੀਤੀ ਹੋਈ ਸੀ ਅਤੇ ਇਨ੍ਹਾਂ ਕੋਲ ਡੰਡੇ, ਬੇਸਬਾਲ, ਸੋਟੀਆਂ ਅਤੇ ਕਈ ਤੇਜ਼ਧਾਰ ਹਥਿਆਰ ਸਨ। ਰਾਕੇਸ਼ ਭਈਆ ਦੀ ਉਕਤ ਲਲਕਾਰਾ ਸੁਣ ਕੇ ਉਥੇ ਖੜ੍ਹੇ ਉਸ ਦੇ ਦਰਜਨਾਂ ਸਾਥੀਆਂ ਨੇ ਗੁੱਸੇ ਵਿਚ ਆ ਕੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੂਰੇ ਇਲਾਕੇ ਵਿਚ ਿਜੱਥੇ ਭੱਜ ਦੌੜ ਮਚ ਗਈ, ਉਥੇ ਦਹਿਸ਼ਤ ਵਿਚ ਆ ਕੇ ਲੋਕ ਨੇ ਆਪਣੀ ਜਾਨ ਬਚਾਉਣ ਲਈ ਇੱਧਰ-ਉਧਰ ਭੱਜਣ ਲੱਗੇ। ਇੱਥੋਂ ਤੱਕ ਕਿ ਕਈ ਮੀਡੀਆ ਕਰਮੀਆਂ ਨੇ ਲੁਕ ਕੇ ਆਪਣੀ ਜਾਨ ਬਚਾਈ। ਪੁਲਸ ਅਨੁਸਾਰ ਰਾਕੇਸ਼ ਭਈਆ ਨੇ ਹੌਲਦਾਰ ਰਣਜੀਤ ਸਿੰਘ ਦੀਆਂ ਦੋਵੇਂ ਬਾਹਾਂ ਫੜ ਲਈਆਂ। ਇਸ ਦੌਰਾਨ ਕਾਂਸਟੇਬਲ ਨੇ ‘ਬਚਾਓ-ਬਚਾਓ’ ਦਾ ਰੌਲਾ ਪਾਇਆ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਰਹੇਗੀ ਸਰਕਾਰੀ ਛੁੱਟੀ
ਦੂਜੇ ਪਾਸੇ ਰਾਕੇਸ਼ ਭਈਆ ਦੀ ਪਤਨੀ ਨਿਸ਼ਾ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਕਾਂਸਟੇਬਲ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਹਮਲਾਵਰਾਂ ਨੇ ਕੁਝ ਹੀ ਸਮੇਂ ਵਿਚ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਇਕ ਪੁਲਸ ਮੁਲਾਜ਼ਮ ਦੀ ਵਰਦੀ ਵੀ ਪਾੜ ਦਿੱਤੀ। ਪਥਰਾਅ ਦੌਰਾਨ ਕੁਝ ਲੋਕ ਜ਼ਖਮੀ ਹੋ ਗਏ, ਜਿਸ ਵਿਚ ਇਕ ਵਿਅਕਤੀ, ਜੋ ਕਿ ਠੇਕੇਦਾਰ ਦਾ ਨਿੱਜੀ ਕਰਮਚਾਰੀ ਦੱਸਿਆ ਜਾਂਦਾ ਹੈ, ਬੁਰੀ ਤਰ੍ਹਾਂ ਲਹੂ-ਲੁਹਾਣ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਕੁਝ ਹੀ ਸਮੇਂ ਵਿਚ ਇਲਾਕਾ ਪੁਲਸ ਛਾਉਣੀ ਵਿੱਚ ਤਬਦੀਲ ਹੋ ਗਿਆ। ਪੁਲਸ ਦੇ ਵੱਧਦੇ ਦਬਾਅ ਨੂੰ ਦੇਖ ਕੇ ਹਮਲਾਵਰ ਉਥੋਂ ਭੱਜ ਗਏ।
ਸਰਗਣੇ ਦੀ ਪਤਨੀ ਗ੍ਰਿਫਤਾਰ, 2 ਦਿਨ ਦੇ ਰਿਮਾਂਡ ’ਤੇ - ਰਾਮਬਾਗ ਥਾਣੇ ਵਿਚ ਦਰਜ ਐੱਫ. ਆਈ. ਆਰ. ਵਿਚ ਨਾਮਜ਼ਦ ਮੁਲਜ਼ਮ ਰਾਕੇਸ਼ ਭਈਆ ਦੀ ਪਤਨੀ ਨਿਸ਼ਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਮਾਣਯੋਗ ਜੱਜ ਨੇ ਉਸ ਦਾ ਦੋ ਦਿਨਾਂ ਦਾ ਪੁਲਸ ਰਿਮਾਂਡ ਦਿੱਤਾ। ਇਸ ਘਟਨਾ ਦਾ ਅਹਿਮ ਪਹਿਲੂ ਇਹ ਹੈ ਕਿ ਪੁਲਸ ’ਤੇ ਹਮਲਾ ਕਰਨ ਤੋਂ ਪਹਿਲਾਂ ਕੁਝ ਲੋਕਾਂ ਨੇ ਪੁਲਸ ਦਾ ਸਾਥ ਦਿੱਤਾ ਸੀ ਪਰ ਮੁੱਖ ਮੁਲਜ਼ਮ ਰਾਕੇਸ਼ ਭਈਆ ਨੇ ਉਨ੍ਹਾਂ ਨੂੰ ਉਸਕਾ ਦਿੱਤਾ ਸੀ।
ਇਹ ਵੀ ਪੜ੍ਹੋ- ਜਲੰਧਰ ਦੇ ਲੈਦਰ ਕੰਪਲੈਕਸ ਸਥਿਤ ਸਪੋਰਟਸ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਮਚਿਆ ਚੀਕ-ਚਿਹਾੜਾ
ਇਹ ਟੀਮਾਂ ਜ਼ਿਲ੍ਹਾ ਸਹਾਇਕ ਕਮਿਸ਼ਨਰ ਸੁਖਵਿੰਦਰ ਸਿੰਘ ਅਤੇ ਜ਼ਿਲਾ ਆਬਕਾਰੀ ਅਫ਼ਸਰ ਅੰਮ੍ਰਿਤਸਰ-1 ਗੌਤਮ ਗੋਵਿੰਦਾ ਦੀਆਂ ਹਦਾਇਤਾਂ ’ਤੇ ਰਵਾਨਾ ਕੀਤੀਆਂ ਗਈਆਂ। ਛਾਪੇਮਾਰੀ ਦੇ ਪਹਿਲੇ ਪੜਾਅ ਵਿਚ ਪੁਲਸ ਨੇ ਕੁਝ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ ਅਤੇ ਦਰਜਨਾਂ ਸ਼ਰਾਬ ਦੀਆਂ ਪੇਟੀਆਂ ਦੇ ਖੋਲ ਵੀ ਫੜੇ ਹਨ, ਜਿਨ੍ਹਾਂ ਵਿੱਚੋਂ ਇਹ ਸ਼ਰਾਬ ਵੇਚੀ ਜਾ ਰਹੀ ਸੀ। ਇਸ ਦੌਰਾਨ ਉਥੇ ਖੜ੍ਹੇ ਵੱਡੀ ਗਿਣਤੀ ਵਿਚ ਲੋਕਾਂ ’ਚ ਬਹਿਸ ਹੋ ਗਈ ਅਤੇ ਸਾਰਿਆਂ ਨੇ ਮਿਲ ਕੇ ਪੁਲਸ ਅਤੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਅਤੇ ਹੋਰਨਾਂ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ।
ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਟੀਮਾਂ ਬਣਾਈਆਂ, ਜਲਦ ਹੋਵੇਗੀ ਗ੍ਰਿਫ਼ਤਾਰੀ
ਇਸ ਸਬੰਧੀ ਥਾਣਾ ਥਾਣਾ ਏ ਡਵੀਜ਼ਨ ਦੀ ਪੁਲਸ ਨੇ 10 ਨਾਮਜ਼ਦ ਵਿਅਕਤੀਆਂ ਵਿੱਚੋਂ ਮੁੱਖ ਮੁਲਜ਼ਮ ਰਾਕੇਸ਼ ਭਈਆ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਰਾਕੇਸ਼ ਭਈਆ ਅਤੇ ਬਾਕੀ ਸਾਰੇ ਨਾਮੀ ਅਤੇ ਅਣਪਛਾਤੇ ਮੁਲਜ਼ਮ ਅਜੇ ਵੀ ਪੁਲਸ ਦੇ ਨਿਸ਼ਾਨੇ ’ਤੇ ਹਨ ਅਤੇ ਪੁਲਸ ਦੀਆਂ ਟੀਮਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀਆ ਹਨ। ਮੁਲਜ਼ਮਾਂ ਵਿੱਚ ਮੁੱਖ ਮੁਲਜ਼ਮ ਰਾਜੂ ਭਈਆ ਅਤੇ ਉਸ ਦੀ ਪਤਨੀ ਨਿਸ਼ਾ ਦੇ ਨਾਲ ਆਕਾਸ਼, ਭੋਲਾ ਭਈਆ, ਹੀਰਾ, ਚੇਤਨ, ਗੁੱਲੀ, ਸਾਹਿਲ, ਅੰਕੁਰ, ਘੋਗੂ ਸ਼ਾਮਲ ਹਨ, ਜਿਨ੍ਹਾਂ ਖਿਲਾਫ ਪੁਲਸ ਨੇ ਧਾਰਾ 186, 353, 323, 325, 160, 506, 148/149 ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਰਮਿਆਨ ਗੁਰਪ੍ਰੀਤ ਘੁੱਗੀ ਦਾ ਵੱਡਾ ਬਿਆਨ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8