ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ''ਚ ਬਰਫ਼ਬਾਰੀ, ਮੀਂਹ ਕਾਰਨ 168 ਸੜਕਾਂ ਬੰਦ

03/30/2024 3:23:06 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਅਤੇ ਜਨਜਾਤੀ ਇਲਾਕਿਆਂ 'ਚ ਸ਼ਨੀਵਾਰ ਨੂੰ ਬਰਫ਼ਬਾਰੀ ਹੋਈ, ਜਦਕਿ ਹੇਠਲੇ ਅਤੇ ਮੱਧ ਪਹਾੜੀ ਖੇਤਰਾਂ 'ਚ ਰੁਕ-ਰੁਕ ਕੇ ਗੜੇਮਾਰੀ ਅਤੇ ਮੀਂਹ ਪਿਆ। ਮੌਸਮ ਵਿਭਾਗ ਨੇ ਇਹ ਜਾਣਾਕਾਰੀ ਦਿੱਤੀ। ਸਥਾਨਕ ਮੌਸਮ ਦਫ਼ਤਰ ਨੇ ਸੂਬੇ ਵਿਚ 4 ਅਪ੍ਰੈਲ ਤੱਕ ਮੀਂਹ ਦਾ ਅਨੁਮਾਨ ਜਤਾਇਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਬੱਸ ਸ਼ਨੀਵਾਰ ਸਵੇਰੇ ਕਿਨੌਰ ਜ਼ਿਲ੍ਹੇ ਦੇ ਮਲਿੰਗ ਨੇੜੇ ਤਿਲਕਣ ਤੋਂ ਬਾਅਦ ਪਲਟ ਗਈ। ਹਾਲਾਂਕਿ ਇਸ ਘਟਨਾ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਭਾਰੀ ਬਰਫ਼ਬਾਰੀ ਦੇ ਚੱਲਦਿਆਂ ਮਨਾਲੀ ਨੇੜੇ ਰੋਹਤਾਂਗ 'ਚ ਅਟਲ ਸੁਰੰਗ ਵਿਚ ਆਵਾਜਾਈ ਰੋਕ ਦਿੱਤੀ ਗਈ ਹੈ। 

ਵਿਭਾਗ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਕਲਪਾ ਅਤੇ ਕੁਕੁਮਸੇਰੀ ਵਿਚ 5 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ, ਜਦੋਂਕਿ ਕੇਲਾਂਗ 'ਚ ਤਿੰਨ ਸੈਂਟੀਮੀਟਰ ਬਰਫ਼ਬਾਰੀ ਹੋਈ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਰਾਤ ਨੂੰ ਸੂਬੇ 'ਚ ਤਿੰਨ ਨੈਸ਼ਨਲ ਹਾਈਵੇਅਜ਼ ਸਮੇਤ ਕੁੱਲ 168 ਸੜਕਾਂ ਆਵਾਜਾਈ ਲਈ ਬੰਦ ਰਹੀਆਂ। ਸੂਬੇ ਦੀ ਰਾਜਧਾਨੀ ਸ਼ਿਮਲਾ ਅਤੇ ਕੁਝ ਹੋਰ ਥਾਵਾਂ 'ਤੇ ਸੋਲਨ 'ਚ ਤੇਜ਼ ਹਵਾਵਾਂ ਅਤੇ ਗੜੇਮਾਰੀ ਨਾਲ ਰੁਕ-ਰੁਕ ਕੇ ਮੀਂਹ ਪਿਆ। ਸਥਾਨਕ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਸੂਬੇ ਦੇ 12 'ਚੋਂ 7 ਜ਼ਿਲ੍ਹਿਆਂ 'ਚ ਵੱਖ-ਵੱਖ ਥਾਵਾਂ 'ਤੇ ਗੜੇਮਾਰੀ ਅਤੇ ਮੋਹਲੇਧਾਰ ਮੀਂਹ ਦੀ ਭਵਿੱਖਬਾਣੀ ਕੀਤੀ ਹੈ।


Tanu

Content Editor

Related News