ਅਮਰੀਕਾ ’ਚ 14 ਸਾਲ ਤੋਂ ਘੱਟ ਬੱਚਿਆਂ ਦੇ ਸੋਸ਼ਲ ਮੀਡੀਆ ਖਾਤੇ ਬੰਦ ਹੋਣਗੇ
Thursday, Mar 28, 2024 - 03:42 AM (IST)
ਅੱਜ ਇੰਟਰਨੈੱਟ ਦੇ ਜ਼ਮਾਨੇ ’ਚ ਹਰ ਚੀਜ਼ ਮੋਬਾਈਲ 'ਤੇ ਉਪਲੱਬਧ ਹੋਣ ਦੇ ਕਾਰਨ ਸੋਸ਼ਲ ਮੀਡੀਆ ਦਾ ਮਹੱਤਵ ਬਹੁਤ ਵਧ ਗਿਆ ਹੈ ਅਤੇ ਲੋਕ ਵੱਡੇ ਪੈਮਾਨੇ ’ਤੇ ਇਸ ਦੀ ਵਰਤੋਂ ਕਰ ਰਹੇ ਹਨ। ਇਸ ਨਾਲ ਜਿੱਥੇ ਉਪਯੋਗੀ ਜਾਣਕਾਰੀ ਮਿਲਦੀ ਹੈ ਉੱਥੇ ਹੀ ਇਸ ’ਤੇ ਉਪਲੱਬਧ ਗਲਤ ਅਤੇ ਇਤਰਾਜ਼ਯੋਗ ਸਮੱਗਰੀ ਬੱਚਿਆਂ ਲਈ ਹਾਨੀਕਾਰਕ ਸਿੱਧ ਹੋ ਰਹੀ ਹੈ।
ਵਿਸ਼ਵ ਸਿਹਤ ਸੰਗਠਨ ਅਨੁਸਾਰ 99 ਫੀਸਦੀ ਬੱਚੇ ਮੋਬਾਈਲ ਅਤੇ ਗੈਜੇਟ ਦੀ ਲਤ ਦਾ ਸ਼ਿਕਾਰ ਹਨ। ਸਕੂਲ ਹੋਵੇ ਜਾਂ ਘਰ, ਹਰ ਥਾਂ ਬੱਚੇ ਮੋਬਾਈਲ ਦੀ ਵਰਤੋਂ ਕਰਦੇ ਹਨ। ਸੋਸ਼ਲ ਮੀਡੀਆ ਦੀ ਬੇਹੱਦ ਵਰਤੋਂ ਬੱਚਿਆਂ ਦੀ ਮਾਨਸਿਕ ਸਥਿਤੀ ’ਤੇ ਬੁਰਾ ਅਸਰ ਪਾ ਰਹੀ ਹੈ ਅਤੇ ਬੱਚਿਆਂ ’ਚ ਨੀਂਦ ਦੀ ਕਮੀ ਵੀ ਦੇਖੀ ਗਈ ਹੈ। ਇਹ ਬੱਚਿਆਂ ’ਚ ਡਿਪ੍ਰੈਸ਼ਨ, ਚਿੰਤਾ ਅਤੇ ਤਣਾਅ ਪੈਦਾ ਕਰਨ ਦਾ ਕਾਰਨ ਵੀ ਬਣ ਰਿਹਾ ਹੈ।
ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੱਧ ਸਮਾਂ ਬਿਤਾਉਣ ਕਾਰਨ ਇੰਟਰਨੈੱਟ ਦੀ ਲਤ ਲੱਗਣ ਨਾਲ ਬੱਚਿਆਂ ਦੀ ਰੁਟੀਨ ਪ੍ਰਭਾਵਿਤ ਹੋ ਰਹੀ ਹੈ ਅਤੇ ਮਾਤਾ-ਪਿਤਾ ਨਾਲ ਉਨ੍ਹਾਂ ਦੀ ਦੂਰੀ ਅਤੇ ਸੁਭਾਅ ’ਚ ਹਿੰਸਕ ਪ੍ਰਵਿਰਤੀ ਵਧਣ ਦੇ ਨਾਲ-ਨਾਲ ਇਕਾਗਰਤਾ ’ਚ ਕਮੀ ਆ ਰਹੀ ਹੈ।
ਇਸੇ ਕਾਰਨ ਹੁਣ ਅਮਰੀਕਾ ਦੇ ਫਲੋਰੀਡਾ ਸੂਬੇ ’ਚ ਨਾਬਾਲਿਗਾਂ ਵਲੋਂ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਨੂੰ ਅਮਰੀਕਾ ’ਚ ਚੁੱਕੇ ਗਏ ਸਭ ਤੋਂ ਵੱਡੇ ਸੁਧਾਰਾਤਮਕ ਕਦਮਾਂ ’ਚੋਂ ਇਕ ਮੰਨਿਆ ਜਾ ਰਿਹਾ ਹੈ। ਇਸ ਦੇ ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤਿਆਂ ’ਤੇ ਰੋਕ ਰਹੇਗੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਲਈ ਉਨ੍ਹਾਂ ਦੇ ਮਾਪਿਆਂ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਬਰਤਾਨੀਆ ਦੇ ਸਿੱਖਿਆ ਮੰਤਰਾਲਾ ਨੇ ਬੀਤੇ ਮਹੀਨੇ ਵਿਦਿਆਰਥੀਆਂ ਦੇ ਵਤੀਰੇ ਅਤੇ ਪੜ੍ਹਾਈ ’ਤੇ ਇਕਾਗਰਤਾ ਨੂੰ ਬਿਹਤਰ ਬਣਾਉਣ ਦੇ ਮੰਤਵ ਨਾਲ ਸਕੂਲਾਂ ’ਚ ਮੋਬਾਈਲ ਫੋਨਾਂ ਦੀ ਵਰਤੋਂ ’ਤੇ ਪੂਰਨ ਰੋਕ ਲਾਉਣ ਦੀਆਂ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਸੀ ਕਿ ਸਕੂਲ ’ਚ ਮੋਬਾਈਲ ਫੋਨ ਪੜ੍ਹਾਈ ਅਤੇ ਹੋਰ ਸਰਗਰਮੀਆਂ ’ਚ ਵਿਘਨ ਪਾਉਂਦੇ ਹਨ।
ਇਨ੍ਹਾਂ ਨਿਯਮਾਂ ਦੀ ਉਲੰਘਣਾ ’ਤੇ ਸਬੰਧਤ ਵਿਦਿਆਰਥੀ ਦਾ ਮੋਬਾਈਲ ਫੋਨ ਜ਼ਬਤ ਕਰ ਲੈਣ ਅਤੇ ਇਸ ਹੁਕਮ ਦੀ ਪਾਲਣਾ ਯਕੀਨੀ ਬਣਾਉਣ ਲਈ ਅਧਿਆਪਕਾਂ ਨੂੰ ਬੱਚਿਆਂ ਦੇ ਬੈਗ ਸਖਤੀ ਨਾਲ ਜਾਂਚਣ ਦਾ ਅਧਿਕਾਰ ਵੀ ਦਿੱਤਾ ਗਿਆ ਹੈ। ਯਾਦ ਰਹੇ ਕਿ ਫਰਾਂਸ ਸਰਕਾਰ ਪਹਿਲਾਂ ਹੀ ਆਪਣੇ ਦੇਸ਼ ’ਚ ਇਸ ਸਬੰਧੀ ਕਾਨੂੰਨ ਲਾਗੂ ਕਰ ਚੁੱਕੀ ਹੈ।
ਅਮਰੀਕਾ, ਬਰਤਾਨੀਆ ਅਤੇ ਫਰਾਂਸ ਸਰਕਾਰਾਂ ਦੇ ਇਹ ਫੈਸਲੇ ਵਿਦਿਆਰਥੀਆਂ ਲਈ ਹਿੱਤਕਾਰੀ ਹਨ। ਇਨ੍ਹਾਂ ਨਾਲ ਨਾ ਸਿਰਫ ਉਹ ਆਪਣੀ ਪੜ੍ਹਾਈ ’ਤੇ ਵੱਧ ਧਿਆਨ ਦੇ ਸਕਣਗੇ, ਸਗੋਂ ਮੋਬਾਈਲ ਫੋਨ ’ਤੇ ਅਸ਼ਲੀਲ ਸਮੱਗਰੀ ਦੇਖਣ ਤੋਂ ਵੀ ਬਚ ਸਕਣਗੇ।
ਭਾਰਤ ਵਰਗੇ ਦੇਸ਼ਾਂ ’ਚ ਵੀ ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਅਤੇ ਉਨ੍ਹਾਂ ’ਤੇ ਅਮਲ ਕਰਵਾਉਣ ਦੀ ਲੋੜ ਹੈ, ਤਾਂ ਕਿ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਬੁਰੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ।
-ਵਿਜੇ ਕੁਮਾਰ