ਬਾਇਜੂ ਦੇ ਸ਼ੇਅਰਧਾਰਕਾਂ ਨੇ EGM ’ਚ ਨਿਰਦੇਸ਼ਕ ਮੰਡਲ ਦੇ ਫੈਸਲੇ ’ਤੇ ਕੋਈ ਇਤਰਾਜ਼ ਨਹੀਂ ਪ੍ਰਗਟਾਇਆ : ਸੂਤਰ
Saturday, Mar 30, 2024 - 10:37 AM (IST)
ਨਵੀਂ ਦਿੱਲੀ (ਭਾਸ਼ਾ) - ਸਿੱਖਿਆ ਤਕਨਾਲੋਜੀ ਕੰਪਨੀ ‘ਥਿੰਕ ਐਂਡ ਲਰਨ’ ਦੇ ਸ਼ੇਅਰਧਰਾਕਾਂ ਨੇ ਸ਼ੁੱਕਰਵਾਰ ਨੂੰ ਹੋਈ ਅਸਾਧਾਰਨ ਆਮ ਬੈਠਕ (ਈ. ਜੀ. ਐੱਮ.) ’ਚ ਕੰਪਨੀ ਦੀ ਅਧਿਕਾਰਤ ਸ਼ੇਅਰ ਪੂੰਜੀ ਵਧਾਉਣ ਦੇ ਮਤੇ ’ਤੇ ਕੋਈ ਇਤਰਾਜ਼ ਨਹੀਂ ਪ੍ਰਗਟਾਇਆ। ਕੰਪਨੀ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ‘ਥਿੰਕ ਐਂਡ ਲਰਨ’ ਦੇ ਕੋਲ ਬਾਇਜੂ ਬ੍ਰਾਂਡ ਦੀ ਮਾਲਕੀ ਹੈ।
ਸੂਤਰਾਂ ਅਨੁਸਾਰ ਬਾਇਜੂ ਦੇ ਸੰਸਥਾਪਕ ਅਤੇ ਪਰਿਵਾਰ ਨੂੰ ਪ੍ਰਬੰਧਨ ਅਹੁਦੇ ਤੋਂ ਹਟਾਉਣ ਦਾ ਮਤਾ ਰੱਖਣ ਵਾਲੇ ਨਾਰਾਜ਼ ਨਿਵੇਸ਼ਕਾਂ ’ਚੋਂ ਕਿਸੇ ਨੇ ਵੀ ਬੈਠਕ ’ਚ ਹਿੱਸਾ ਨਹੀਂ ਲਿਆ। ਸੂਤਰਾਂ ਨੇ ਕਿਹਾ, ‘‘ਬੈਠਕ ਸਵੇਰੇ 10 ਵਜੇ ਸ਼ੁਰੂ ਹੋਈ, ਜਿਸ ’ਚ ਥਿੰਕ ਐਂਡ ਲਰਨ ਪ੍ਰਬੰਧਨ ਦੇ ਨਾਲ ਲੱਗਭਗ 20 ਨਿਵੇਸ਼ਕ ਪ੍ਰਤੀਨਿਧੀ ਹਾਜ਼ਰ ਰਹੇ। ਇਸ ਨਾਲ ਈ. ਜੀ. ਐੱਮ. ਲਈ ਜ਼ਰੂਰੀ ‘ਕੋਰਮ’ ਪੂਰਾ ਹੋ ਗਿਆ। ਡਾਕ ਵੋਟਿੰਗ ਦੇ ਸਬੰਧ ’ਚ ਕੁਝ ਸਵਾਲ ਪੁੱਛੇ ਗਏ ਅਤੇ ਚੇਅਰਮੈਨ ਅਤੇ ਸੀ. ਐੱਸ. ਨੇ ਜਵਾਬ ਦਿੱਤੇ।’’ ਬਾਇਜੂ ਨੇ ਰਾਈਟਸ ਇਸ਼ੂ ਰਾਹੀਂ 20 ਕਰੋੜ ਅਮਰੀਕੀ ਡਾਲਰ ਜੁਟਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕੰਪਨੀ ਦੀ ਅਧਿਕਾਰਤ ਸ਼ੇਅਰ ਪੂੰਜੀ ਵਧਾਉਣ ਲਈ ਈ. ਜੀ. ਐੱਮ. (ਅਸਧਾਰਾਨ ਆਮ ਬੈਠਕ) ਸੱਦੀ ਸੀ।
4 ਨਿਵੇਸ਼ਕਾਂ ਪ੍ਰੋਸਸ, ਜਨਰਲ ਅਟਲਾਂਟਿਕ, ਸੋਫੀਆ ਅਤੇ ਪੀਕ XV ਦੇ ਇਕ ਸਮੂਹ ਨੇ ਟਾਈਗਰ ਅਤੇ ਆਊਲ ਵੈਂਚਰਜ਼ ਸਮੇਤ ਹੋਰ ਸ਼ੇਅਰਧਾਰਕਾਂ ਦੇ ਸਮਰਥਨ ਨਾਲ ਬਾਇਜੂ ਦੀ ਈ. ਜੀ. ਐੱਮ. ਦੇ ਖਿਲਾਫ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦਾ ਰੁਖ ਕੀਤਾ ਸੀ।