ਚੈੱਕ ਫੇਲ ਕੇਸ ''ਚ ਉੱਦਮੀ ਨੂੰ 2 ਸਾਲ ਦੀ ਕੈਦ, 15 ਲੱਖ ਰੁਪਏ ਹਰਜ਼ਾਨਾ

03/23/2018 12:55:54 PM

ਲੁਧਿਆਣਾ (ਮਹਿਰਾ) : ਦੇਵਨੂਰ ਸਿੰਘ ਦੀ ਅਦਾਲਤ ਨੇ ਚੈੱਕ ਫੇਲ ਦੇ ਕੇਸ ਵਿਚ ਇਕ ਉੱਦਮੀ ਨੂੰ 2 ਸਾਲ ਦੀ ਕੈਦ ਅਤੇ ਚੈੱਕ ਦੀ 15 ਲੱਖ ਰਾਸ਼ੀ ਸ਼ਿਕਾਇਤਕਰਤਾ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ। ਲੁਧਿਆਣਾ ਦੀ ਮੁੱਖ ਵਰਧਮਾਨ ਪਾਲੀਟਿਕਸ ਲਿਮਟਿਡ ਮੁੰਡੀਆਂ ਕਲਾਂ, ਲੁਧਿਆਣਾ ਨੇ ਆਪਣੇ ਅਧਿਕਿਰਤ ਵਿਵੇਕ ਸਿੰਗਲਾ ਰਾਹੀਂ ਕੇ. ਪੀ. ਨਿਟਰਸ ਪ੍ਰਾਈਵੇਟ ਲਿਮ., ਸੁੰਦਰ ਨਗਰ ਦੇ ਪਾਰਟਨਰ ਆਸ਼ੀਸ਼ ਜੈਨ ਅਤੇ ਲਕਸ਼ਮੀ ਜੈਨ ਵਿਰੁੱਧ ਚੈੱਕ ਫੇਲ ਹੋ ਜਾਣ ਨਾਲ ਸਬੰਧਤ ਸ਼ਿਕਾਇਤ ਦਾਇਰ ਕੀਤੀ ਸੀ। ਆਪਣੀ ਸ਼ਿਕਾਇਤ 'ਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਦੋਸ਼ੀਆਂ ਨਾਲ ਵਪਾਰਕ ਸਬੰਧ ਸਨ, ਜਿਸ ਕਾਰਨ ਦੋਸ਼ੀ ਫਰਮ ਨੇ ਉਨ੍ਹਾਂ ਤੋਂ 15 ਲੱਖ ਰੁਪਏ ਦੇ ਲੋਨ ਦੀ ਮੰਗ ਕੀਤੀ। ਚੰਗੇ ਸਬੰਧਾਂ ਕਾਰਨ ਕੰਪਨੀ ਵੱਲੋਂ 11 ਮਈ, 2005 ਨੂੰ 10 ਲੱਖ ਰੁਪਏ ਅਤੇ 29 ਜੂਨ 2005 ਨੂੰ 5 ਲੱਖ ਰੁਪਏ ਦੇ ਦੋ ਚੈੱਕ ਜਾਰੀ ਕਰਦੇ ਹੋਏ ਦੋਸ਼ੀ ਫਰਮ ਨੂੰ ਲੋਨ ਵਜੋਂ ਦਿੱਤੇ ਗਏ ਸਨ, ਜੋ ਬਾਕਾਇਦਾ ਦੋਸ਼ੀ ਫਰਮ ਵੱਲੋਂ ਲਾਏ ਜਾਣ 'ਤੇ ਉਨ੍ਹਾਂ ਦੇ ਖਾਤੇ ਵਿਚ ਕ੍ਰੈਡਿਟ ਹੋ ਗਏ ਸਨ। ਨਾਲ ਹੀ ਲੋਨ ਲੈਂਦੇ ਸਮੇਂ ਦੋਸ਼ੀ ਫਰਮ ਨੇ ਭਰੋਸਾ ਦਿੱਤਾ ਸੀ ਕਿ ਉਪਰੋਕਤ ਲੋਨ ਰਾਸ਼ੀ 'ਤੇ ਵਿਆਜ ਵੀ ਅਦਾ ਕਰਾਂਗੇ ਪਰ ਉਹ ਆਪਣੇ ਵਾਅਦੇ ਤੋਂ ਮੁੱਕਰ ਗਏ।
ਸ਼ਿਕਾਇਤਕਰਤਾ ਮੁਤਾਬਕ ਫਰਵਰੀ 2008 ਵਿਚ ਜਦੋਂ ਉਨ੍ਹਾਂ ਨੇ ਦੋਸ਼ੀਆਂ ਤੋਂ ਦਿੱਤੇ ਗਏ ਲੋਨ ਦੀ ਵਾਪਸੀ ਦੀ ਮੰਗ ਕੀਤੀ ਤਾਂ ਦੋਸ਼ੀਆਂ ਨੇ ਉਨ੍ਹਾਂ ਨੂੰ ਆਪਣੀ ਦੇਣਦਾਰੀ ਨੂੰ ਲੈ ਕੇ ਕੁੱਲ 5 ਚੈੱਕ ਜਾਰੀ ਕਰਦੇ ਹੋਏ ਭਰੋਸਾ ਦਿੱਤਾ ਕਿ ਉਪਰੋਕਤ ਚੈੱਕ ਬੈਂਕ ਵਿਚ ਲਾਏ ਜਾਣ 'ਤੇ ਜ਼ਰੂਰ ਪਾਸ ਹੋ ਜਾਣਗੇ, ਜਿਸ ਤੋਂ ਬਾਅਦ ਜਦੋਂ ਸ਼ਿਕਾਇਤਕਰਤਾ ਫਰਮ ਵੱਲੋਂ ਉਪਰੋਕਤ ਚੈੱਕਾਂ ਨੂੰ ਬੈਂਕਾਂ ਵਿਚ ਲਾਇਆ ਗਿਆ ਤਾਂ ਉਹ 5 ਮਾਰਚ 2008 ਨੂੰ ਦੋਸ਼ੀ ਦੇ ਬੈਂਕ ਖਾਤੇ ਵਿਚ ਢੁੱਕਵੀਂ ਰਾਸ਼ੀ ਮੌਜੂਦ ਨਾ ਹੋਣ ਕਾਰਨ ਫੇਲ ਹੋ ਕੇ ਵਾਪਸ ਆ ਗਏ, ਜਿਸ ਤੋਂ ਬਾਅਦ ਬਾਕਾਇਦਾ ਉਨ੍ਹਾਂ ਨੇ ਦੋਸ਼ੀ ਫਰਮ ਨੂੰ 4 ਅਪ੍ਰੈਲ 2008 ਨੂੰ ਆਪਣੇ ਵਕੀਲ ਰਾਹੀਂ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਪਰ ਇਸ ਦੇ ਬਾਵਜੂਦ ਦੋਸ਼ੀ ਨੇ ਉਨ੍ਹਾਂ ਦੀ ਰਾਸ਼ੀ ਨਹੀਂ ਮੋੜੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਅਦਾਲਤ ਵਿਚ ਸ਼ਿਕਾਇਤ ਦਾਇਰ ਕੀਤੀ ਗਈ ਜੱਜ ਦੇਵਨੂਰ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਆਸ਼ੀਸ਼ ਜੈਨ ਨੂੰ ਚੈੱਕ ਫੇਲ ਹੋ ਜਾਣ ਦਾ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ 2 ਸਾਲ ਦੀ ਕੈਦ ਅਤੇ ਆਪਣੇ ਵੱਲੋਂ ਜਾਰੀ ਕੀਤੇ ਗਏ ਚੈੱਕਾਂ ਦੀ ਰਾਸ਼ੀ 15,000,00 ਰੁਪਏ ਸ਼ਿਕਾਇਤਕਰਤਾ ਨੂੰ ਅਦਾ ਕਰਨ ਦਾ ਹੁਕਮ ਦਿੱਤਾ, ਨਾਲ ਹੀ ਅਦਾਲਤ ਨੇ ਲਕਸ਼ਮੀ ਜੈਨ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰਨ ਦਾ ਫੈਸਲਾ ਸੁਣਾਇਆ।


Related News